ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ 'ਵਰਸਿਟੀ ਲੁਧਿਆਣਾ ਦੀ ਟੀਮ, ਜਿਸ 'ਚ ਡਾ. ਕੀਰਤੀ ਦੂਆ ਇੰਚਾਰਜ ਜੰਗਲੀ ਜੀਵ ਕੇਂਦਰ ਵੈਟਰਨਰੀ ਯੂਨੀਵਰਸਿਟੀ ਤੇ ਪਸ਼ੂਧਨ ਬਿਮਾਰੀ ਖੋਜ ਕੇਂਦਰ ਦੇ ਡਾ. ਮਨਦੀਪ ਸਿੰਘ ਸਨ, ਨੇ ਸ਼ਾਹਕੋਟ ਤਹਿਸੀਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਸਤਲੁਜ ਦਰਿਆ 'ਚ ਪਾੜ ਪੈ ਜਾਣ ਕਾਰਨ ਇਸ ਤਹਿਸੀਲ ਦੇ 80 ਪਿੰਡ ਪ੍ਰਭਾਵਿਤ ਹੋਏ ਹਨ, ਹਜ਼ਾਰਾਂ ਏਕੜ ਫ਼ਸਲ 'ਚ ਪਾਣੀ ਪਹੁੰਚ ਗਿਆ ਹੈ ਤੇ ਸੈਂਕੜੇ ਪਰਿਵਾਰ ਤੇ ਘਰ ਹੜ੍ਹ ਵਿਚ ਫਸੇ ਹੋਏ ਹਨ। ਇਨ੍ਹਾਂ ਲੋਕਾਂ ਨੂੰ ਆਪਣੇ ਪਸ਼ੂਆਂ ਦੇ ਨਾਲ ਦਰਿਆ ਦੇ ਕੰਿਢਆਂ 'ਤੇ ਸ਼ਰਨ ਲੈਣੀ ਪਈ ਹੈ। ਡਾ. ਦੂਆ ਨੇ ਦੱਸਿਆ ਕਿ ਵਧੇਰੇ ਪਸ਼ੂਆਂ ਨੂੰ ਲੋਕ ਸੁਰੱਖਿਅਤ ਥਾਵਾਂ 'ਤੇ ਲੈ ਗਏ ਹਨ ਤੇ ਬਹੁਤ ਘੱਟ ਮੌਤਾਂ ਹੋਈਆਂ ਹਨ। ਇਸ ਵੇਲੇ ਇਨ੍ਹਾਂ ਪਸ਼ੂਆਂ ਦੀ ਖ਼ੁਰਾਕ, ਪਾਣੀ ਤੇ ਇਨ੍ਹਾਂ ਦਾ ਬਿਮਾਰੀਆਂ ਤੋਂ ਬਚਾਅ ਮੁੱਖ ਚੁਣੌਤੀ ਬਣਿਆ ਹੋਇਆ ਹੈ। ਪਾਣੀ ਆਉਣ ਕਾਰਨ ਸੱਪ ਵੀ ਇਸ ਪਾਣੀ 'ਚ ਵੱਧ ਗਏ ਹਨ ਜਿਸ ਨਾਲ ਸੱਪ ਵੱਲੋਂ ਡੰਗਣ ਦੇ ਕੇਸ ਵੀ ਪਤਾ ਲੱਗ ਰਹੇ ਹਨ। ਪਾਣੀ ਘਟਣ ਦੇ ਨਾਲ ਜੋ ਚਿੱਕੜ ਤੇ ਗਾਰਾ ਬਣ ਜਾਵੇਗਾ ਉਸ ਨਾਲ ਵੀ ਪਸ਼ੂਆਂ ਦੇ ਖੁਰਾਂ ਦੀਆਂ ਕਈ ਬਿਮਾਰੀਆਂ ਜਾਂ ਸਮੱਸਿਆਵਾਂ ਹੋ ਸਕਦੀਆਂ ਹਨ। ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਲਗਾਤਾਰ ਇਨ੍ਹਾਂ ਬੇਘਰ ਹੋ ਚੁੱਕੇ ਤੇ ਫਸੇ ਲੋਕਾਂ ਦੀ ਮਦਦ ਕਰ ਰਹੀਆਂ ਹਨ। ਪਸ਼ੂਆਂ ਦੀ ਖ਼ੁਰਾਕ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਥਾਨਕ ਲੋਕ ਵੀ ਬੜੇ ਸਮਰਪਣ ਭਾਵ ਨਾਲ ਇਸ ਕਾਰਜ 'ਚ ਲੱਗੇ ਹੋਏ ਹਨ। ਇਹ ਲੋਕ ਪਸ਼ੂਆਂ ਲਈ ਹਰਾ ਚਾਰਾ ਤੇ ਸੁੱਕਾ ਰਾਸ਼ਨ ਵੀ ਮੁਹੱਈਆ ਕਰਵਾ ਰਹੇ ਹਨ। ਸੂਬਾ ਸਰਕਾਰ ਦੇ ਵੈਟਰਨਰੀ ਵਿਭਾਗ ਦੀਆਂ ਟੀਮਾਂ ਜਿੱਥੇ ਬਿਮਾਰ ਪਸ਼ੂਆਂ ਦਾ ਇਲਾਜ ਕਰ ਰਹੀਆਂ ਹਨ ਉਥੇ ਟੀਕਾਕਾਰਨ ਵੀ ਕਰ ਰਹੀਆਂ ਹਨ ਤਾਂ ਜੋ ਪਸ਼ੂਆਂ ਨੂੰ ਕਿਸੇ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਫ਼ੌਜੀ ਜਵਾਨਾਂ ਦੇ ਨਾਲ ਰਾਸ਼ਟਰੀ ਬਿਪਤਾ ਪ੍ਰਤੀਕਿਰਿਆ ਸੰਗਠਨ (ਐੱਨਡੀਆਰਅੱੈਫ) ਦੀ ਟੀਮ ਵੀ ਦਰਿਆ ਦੇ ਪਾੜ ਨੂੰ ਰੋਕਣ ਲਈ ਲਗਾਤਾਰ ਕਾਰਜ ਕਰ ਰਹੇ ਹਨ। ਰਾਹਤ ਕਾਰਜ ਭਾਵੇਂ ਵੱਡੇ ਪੱਧਰ 'ਤੇ ਜਾਰੀ ਹਨ ਪਰ ਜਿਨ੍ਹਾਂ ਦਰਮਿਆਨੇ ਕਿਸਾਨਾਂ ਦੀ ਆਮਦਨ ਸਿਰਫ ਪਸ਼ੂ ਉਤਪਾਦਾਂ 'ਤੇ ਨਿਰਭਰ ਸੀ ਉਨ੍ਹਾਂ ਨੂੰ ਵੱਡਾ ਆਰਥਿਕ ਘਾਟਾ ਪੈ ਰਿਹਾ ਹੈ। ਅਜਿਹੀ ਬਿਪਤਾ ਤੇ ਉਲਝਣ ਦੀ ਘੜੀ ਸਾਨੂੰ ਭਵਿੱਖ ਲਈ ਵੀ ਕਈ ਸੰਦੇਸ਼ ਦੇ ਜਾਂਦੀ ਹੈ ਜਿਸ ਨਾਲ ਕਿ ਅਜਿਹੀਆਂ ਮੁਸ਼ਕਲਾਂ ਦਾ ਟਾਕਰਾ ਕੀਤਾ ਜਾ ਸਕੇ।