ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੀਏਯੂ ਲੁਧਿਆਣਾ ਵੱਲੋਂ ਮੰਗਲਵਾਰ ਨੂੰ ਪੱਕੇ ਗੁੰਬਦ ਵਾਲੇ ਪੀਏਯੂ ਜਨਤਾ ਮਾਡਲ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਚਾਰ ਮਾਹਿਰ ਕਾਮਿਆਂ ਨਾਲ ਸਮਝੌਤਾ ਕੀਤਾ ਗਿਆ। ਇਨ੍ਹਾਂ ਕਾਮਿਆਂ 'ਚ ਜ਼ਿਲ੍ਹਾ ਲੁਧਿਆਣਾ ਪਿੰਡ ਦੌਲਤਪੁਰ ਦੇ ਵਸਨੀਕ ਲਖਵੀਰ ਸਿੰਘ, ਪਿੰਡ ਧਾਂਦਰਾ ਦੇ ਸੁਖਚੈਨ ਸਿੰਘ, ਪਿੰਡ ਕਾਇਨਪੁਰ ਦੇ ਵਾਸੀ ਗੁਰਚਰਨ ਸਿੰਘ ਅਤੇ ਪਿੰਡ ਕੁੰਭੜਵਾਲ ਦੇ ਵਾਸੀ ਬਲਵਿੰਦਰ ਸਿੰਘ (ਤਿੰਨ੍ਹੋਂ ਮਾਹਿਰ ਜ਼ਿਲਾ ਸੰਗਰੂਰ ਤੋਂ) ਸ਼ਾਮਲ ਹਨ। ਇਸ ਤਕਨਾਲੋਜੀ ਰਾਹੀਂ ਬਣਿਆ ਬਾਇਓਗੈਸ ਪਲਾਂਟ ਹਰ ਰੋਜ਼ 25 ਮੀਟਰਿਕ ਕਿਊਬ ਤੋਂ ਲੈ ਕੇ 500 ਮੀਟਰਿਕ ਕਿਊਬ ਪ੍ਰਤੀ ਦਿਨ ਤਕ ਗੈਸ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। ਜ਼ਿਕਰਯੋਗ ਹੈ ਕਿ ਲਖਵੀਰ ਸਿੰਘ ਨੇ 2009 ਵਿੱਚ ਪੀਏਯੂ. ਤੋਂ ਬਾਇਓਗੈਸ ਪਲਾਂਟ ਲਾਉਣ ਦੀ ਸਿਖਲਾਈ ਲਈ ਅਤੇ ਅੱਜ ਤੱਕ ਉਹ ਮੋਗਾ, ਲੁਧਿਆਣਾ, ਰੋਪੜ, ਫਤਹਿਗੜ ਸਾਹਿਬ, ਪਟਿਆਲਾ, ਮਲੇਰਕੋਟਲਾ ਅਤੇ ਸੰਗਰੂਰ ਜ਼ਿਲਿ੍ਹਆਂ 'ਚ 3500 ਦੇ ਕਰੀਬ ਬਾਇਓਗੈਸ ਪਲਾਂਟ ਲਾ ਚੁੱਕਾ ਹੈ। ਸੁਖਚੈਨ ਸਿੰਘ ਨੇ ਇਹੀ ਸਿਖਲਾਈ 2008 ਵਿੱਚ ਲਈ ਅਤੇ ਉਸ ਨੇ ਮੋਗਾ, ਲੁਧਿਆਣਾ ਅਤੇ ਸੰਗਰੂਰ ਜ਼ਿਲਿਆਂ ਵਿੱਚ 3500 ਦੇ ਕਰੀਬ ਪਰਿਵਾਰਾਂ ਨੂੰ ਬਾਇਓਗੈਸ ਪਲਾਂਟ ਬਣਾ ਕੇ ਦਿੱਤੇ। ਗੁਰਚਰਨ ਸਿੰਘ ਨੇ 2014 ਵਿੱਚ ਪੀਏਯੂ. ਤੋਂ ਸਿਖਲਾਈ ਲੈਣ ਤੋਂ ਬਾਅਦ ਮਾਨਸਾ, ਬਰਨਾਲਾ ਅਤੇ ਪਟਿਆਲਾ ਖੇਤਰਾਂ ਵਿੱਚ 900 ਘਰੇਲੂ ਬਾਇਓਗੈਸ ਪਲਾਂਟ ਸਥਾਪਿਤ ਕੀਤੇ। ਬਲਵਿੰਦਰ ਸਿੰਘ 2004 ਵਿੱਚ ਪੀਏਯੂ. ਵਿੱਚੋਂ ਇਸ ਬਾਇਓਗੈਸ ਪਲਾਂਟ ਬਾਰੇ ਸਿਖਲਾਈ ਹਾਸਲ ਕਰਨ ਮਗਰੋਂ ਵੱਖ-ਵੱਖ ਜ਼ਿਲਿਆਂ ਦੇ 3500 ਪਰਿਵਾਰਾਂ ਵਿੱਚ ਬਾਇਓਗੈਸ ਪਲਾਂਟ ਸਥਾਪਿਤ ਕਰ ਚੁੱਕੇ ਹਨ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਲਖਵੀਰ ਸਿੰਘ, ਸੁਖਚੈਨ ਸਿੰਘ, ਗੁਰਚਰਨ ਸਿੰਘ ਅਤੇ ਬਲਵਿੰਦਰ ਸਿੰਘ ਨੇ ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ।

ਇਸ ਸਮਝੌਤੇ ਮੁਤਾਬਿਕ ਇਸ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਵਪਾਰੀਕਰਨ ਦੇ ਅਧਿਕਾਰ ਇੰਨਾਂ ਕਾਮਿਆਂ ਕੋਲ ਹੋਣਗੇ। ਇਸ ਮੌਕੇ ਡਾ. ਨਵਤੇਜ ਸਿੰਘ ਬੈਂਸ ਅਤੇ ਖੇਤੀਬਾੜੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਅਤੇ ਡਾ. ਸਰਬਜੀਤ ਸਿੰਘ ਸੂਚ ਨੂੰ ਇਸ ਤਕਨੀਕ ਦੇ ਵਿਕਾਸ ਲਈ ਵਧਾਈ ਦਿੱਤੀ। ਡਾ. ਰਾਜਨ ਅਗਰਵਾਲ ਨੇ ਇਸ ਤਕਨੀਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਧੀ ਰਾਹੀਂ ਗੈਸ ਬਨਾਉਣ ਲਈ ਪਸ਼ੂਆਂ ਦਾ ਗੋਹਾ ਅਤੇ ਪੋਲਟਰੀ ਫਾਰਮ ਦੀ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਰਾਂ ਨਾ ਸਿਰਫ ਬਿਹਤਰ ਮਿਆਰ ਦੀ ਖਾਣਾ ਬਨਾਉਣ ਵਾਲੀ ਗੈਸ ਬਲਕਿ ਊਰਜਾ ਵੀ ਪੈਦਾ ਕੀਤੀ ਜਾ ਸਕਦੀ ਹੈ।

ਮਾਹਿਰ ਕਾਮਿਆਂ ਦੀਆਂ ਟੀਮ 'ਚ ਸ਼ਾਮਲ ਹੁੰਦੇ ਨੇ 10 ਦੇ ਕਰੀਬ ਮੈਂਬਰ

ਇਨ੍ਹਾਂ ਮਾਹਿਰ ਕਾਮਿਆਂ ਦੀਆਂ ਟੀਮ ਵਿੱਚ 7-10 ਮੈਂਬਰ ਹੁੰਦੇ ਹਨ ਜਿਨ੍ਹਾਂ 'ਚ ਬਾਇਓਗੈਸ ਪਲਾਂਟ ਲਾਉਣ ਲਈ ਰਾਜ ਮਿਸਤਰੀ ਅਤੇ ਮਜ਼ਦੂਰ ਸ਼ਾਮਲ ਹੁੰਦੇ ਹਨ। ਇਹ ਕਾਮੇ 200-350 ਬਾਇਓਗੈਸ ਪਲਾਂਟ ਹਰ ਸਾਲ ਸਥਾਪਿਤ ਕਰਦੇ ਹਨ, ਜਿਸ ਨਾਲ ਨਾ ਸਿਰਫ ਰਸੋਈ ਗੈਸ ਦਾ ਖ਼ਰਚਾ ਬੱਚਦਾ ਹੈ ਅਤੇ ਪਿੰਡਾਂ ਦਾ ਵਾਤਾਵਰਨ ਸਾਫ-ਸੁਥਰਾ ਹੁੰਦਾ ਹੈ, ਬਲਕਿ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ। ਪੇਂਡੂ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੁਧਾਰਨ ਅਤੇ ਖਾਦਾਂ ਦਾ ਖਰਚਾ ਘੱਟ ਕਰਨ ਲਈ ਖਾਦ ਵੀ ਇਨ੍ਹਾਂ ਪਲਾਂਟਾਂ ਤੋਂ ਮਿਲ ਜਾਂਦੀ ਹੈ।