ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਦੇ ਸਰਜਰੀ ਅਤੇ ਰੇਡੀਓਲੋਜੀ ਵਿਭਾਗ ਨੂੰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਸੇਵਾਵਾਂ ਅਗਲੇ ਨਿਰਦੇਸ਼ਾਂ ਤਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਇਹ ਜਾਣਕਾਰੀ ਡਾ. ਪ੍ਰਕਾਸ਼ ਸਿੰਘ ਬਰਾੜ ਡੀਨ ਵੈਟਰਨਰੀ ਸਾਇੰਸ ਕਾਲਜ ਨੇ ਸਾਂਝੀ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਐਕਸ-ਰੇਅ, ਅਲਟਰਾਸਾਊਂਡ ਅਤੇ ਛੋਟੇ ਤੇ ਵੱਡੇ ਜਾਨਵਰਾਂ ਦੇ ਆਪ੍ਰੇਸ਼ਨਾਂ ਦਾ ਕੰਮ ਅਜੇ ਰੋਕ ਦਿੱਤਾ ਗਿਆ ਹੈ। ਇਸ ਵਿਭਾਗ ਦੇ ਦੋ ਸਹਾਇਕਾਂ ਦੇ ਸਾਂਝੇ ਰਿਸ਼ਤੇਦਾਰ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ।

ਇਹ ਸਹਾਇਕ ਉਸ ਰਿਸ਼ਤੇਦਾਰ ਦੇ ਨਾਲ ਨਾਲ ਵਿਭਾਗ ਦੇ ਹੋਰ ਕਰਮਚਾਰੀਆਂ ਅਤੇ ਡਾਕਟਰਾਂ ਦੇ ਸੰਪਰਕ ਵਿਚ ਵੀ ਸਨ। ਵਾਇਰਸ ਦੇ ਫੈਲਾਅ ਦੀ ਕੜੀ ਤੋੜਨ ਲਈ ਇਹ ਇਹਤਿਆਤ ਵਰਤੀ ਗਈ ਹੈ।

ਹੁਣ ਸਾਰੇ ਵਿਭਾਗ ਦੇ ਕਰਮਚਾਰੀ ਅਤੇ ਡਾਕਟਰ ਸਵੈ-ਇਕਾਂਤਵਾਸ 'ਤੇ ਚਲੇ ਗਏ ਹਨ। ਡਾ. ਬਰਾੜ ਨੇ ਕਿਹਾ ਕਿ ਸਾਡੇ ਹਸਪਤਾਲ ਵਿਚ ਰੋਜ਼ ਸੈਂਕੜੇ ਕਿਸਾਨ ਆਪਣੇ ਪਸ਼ੂਆਂ ਦੇ ਇਲਾਜ ਲਈ ਆਉਂਦੇ ਹਨ, ਇਸ ਲਈ ਸਮਾਜੀ ਭਾਈਚਾਰੇ ਦੀ ਸੁਰੱਖਿਆ ਲਈ ਇਹ ਕਦਮ ਚੁੱਕਣਾ ਬਹੁਤ ਜ਼ਰੂਰੀ ਹੈ।