ਹਰਜੋਤ ਸਿੰਘ ਅਰੋੜਾ, ਲੁਧਿਆਣਾ : 'ਬੈਂਕਾਂ ਦੀਆਂ ਮਹਿੰਗੀਆਂ ਵਿਆਜ ਦਰਾਂ ਕਾਰਨ ਸਨਅਤਾਂ ਦਾ ਬਹੁਤ ਆਰਥਿਕ ਨੁਕਸਾਨ ਹੋਇਆ ਹੈ' ਇਹ ਕਹਿਣਾ ਹੈ ਏਸ਼ੀਆ ਦੀ ਇਕ ਕਿੱਤੇ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡੀਐੱਸ ਚਾਵਲਾ ਦਾ। ਅੱਜ ਪੰਜਾਬੀ ਜਾਗਰਣ ਦੇ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਰਤੀ ਬੈਂਕ ਕਾਰੋਬਾਰੀਆਂ ਨੂੰ 9 ਤੋਂ 11 ਫੀਸਦੀ ਦੀ ਦਰ ਨਾਲ ਕਰਜ਼ ਦੇ ਰਹੇ ਹਨ। ਭਾਰਤ ਵਿੱਚ ਸਮਾਲ ਸਕੇਲ ਇੰਡਸਟਰੀ ਦੀ ਸਭ ਤੋਂ ਵੱਡੀ ਚੁਣੌਤੀ ਪੈਸਿਆਂ ਨੂੰ ਲੈ ਕੇ ਹੈ। ਛੋਟੇ ਕਾਰੋਬਾਰੀ ਬਿਨਾਂ ਪੈਸਿਆਂ ਤੋਂ ਫੈਕਟਰੀ ਨਹੀਂ ਚਲਾ ਸਕਦੇ। ਇਸ ਲਈ ਮਜਬੂਰਨ ਉਨ੍ਹਾਂ ਨੂੰ ਬੈਂਕਾਂ ਤੋਂ ਵਿਆਜ ਤੇ ਪੈਸੇ ਲੈਣੇ ਪੈਂਦੇ ਹਨ ਤੇ ਮਜਬੂਰੀ ਵੱਸ ਬੈਂਕਾਂ ਤੋਂ ਮਹਿੰਗੀਆਂ ਵਿਆਜ ਦਰਾਂ ਤੇ ਲੋਨ ਲੈਣਾ ਪੈ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੀ ਲਾਭ ਦਾ ਜ਼ਿਆਦਾਤਰ ਹਿੱਸਾ ਬੈਂਕਾਂ ਵੱਲ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਮੋਦੀ ਸਰਕਾਰ ਸਨਅਤ ਦਾ ਵਿਕਾਸ ਦੇਖਣਾ ਚਾਹੁੰਦੀ ਹੈ ਤਾਂ ਸਨਅਤ ਨੂੰ 6 ਤੋਂ 7 ਫ਼ੀਸਦੀ ਦੀ ਦਰ ਦੇ ਨਾਲ ਕਰਜ਼ਾ ਦੇਣਾ ਚਾਹੀਦਾ ਹੈ। ਇਸ ਨਾਲ ਜੋ ਪੈਸਾ ਬਚੇਗਾ, ਸਨਅਤਕਾਰ ਉਸ ਨੂੰ ਨਵੀਂ ਤਕਨੀਕ ਨੂੰ ਖੋਜਣ 'ਚ ਖਰਚ ਕਰਨਗੇ। ਇਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਆਤਮ ਨਿਰਭਰ ਬਣਨ ਦਾ ਸੁਪਨਾ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਮੇਡ ਇੰਨ ਇੰਡੀਆ ਮੁਹਿੰਮ ਤਾਂ ਹੀ ਸਫਲ ਹੋ ਸਕਦੀ ਹੈ ਜੇ ਸਨਅਤ ਦਾ ਪੂਰਾ ਧਿਆਨ ਰੱਖਿਆ ਜਾਵੇਗਾ।

ਸਨਅਤ ਨੂੰ ਮਹਿੰਗੀ ਪੈ ਰਹੀ ਬਿਜਲੀ ਦਾ ਕੀਤਾ ਜਾਵੇ ਹੱਲ

ਸਨਅਤ ਨੂੰ ਬਿਜਲੀ ਮਹਿੰਗੀ ਪੈ ਰਹੀ ਹੈ। ਸਨਅਤ ਨੂੰ ਬਿਜਲੀ ਪ੍ਰਤੀ ਯੂਨਿਟ 11 ਤੋਂ 16 ਤੱਕ ਪੈ ਰਹੀ ਹੈ ਜਿਸ ਕਾਰਨ ਸਨਅਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਨਅਤਾਂ ਨੂੰ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੇਵੇ। ਇਸ ਤੋਂ ਇਲਾਵਾ ਬਿਜਲੀ ਬਿੱਲਾਂ ਉੱਪਰ ਕਿਸੇ ਵੀ ਤਰ੍ਹਾਂ ਦਾ ਟੈਕਸ ਨਾ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਬਿਜਲੀ ਸਭ ਤੋਂ ਜ਼ਿਆਦਾ ਮਹਿੰਗੀ ਹੋਣ ਦੇ ਕਾਰਨ ਉਤਪਾਦਨ ਲਾਗਤ ਵਿਚ ਵੀ ਵਾਧਾ ਹੋ ਰਿਹਾ ਹੈ। ਜਿਸ ਕਾਰਨ ਓਹ੍ਹ ਆਪਣੇ ਦੇਸ਼ ਦੀ ਸਨਅਤ ਦਾ ਹੀ ਮੁਕਾਬਲਾ ਨਹੀਂ ਕਰ ਪਾ ਰਹੀ ਅਤੇ ਉਨ੍ਹਾਂ ਨੂੰ ਆਪਣੇ ਉਤਪਾਦ ਮਹਿੰਗੇ ਪੈ ਰਹੇ ਹਨ।

ਧੰਨਾਸੁ ਵਿਖੇ ਬਣਨ ਵਾਲੇ ਫੋਕਲ ਪੁਆਇੰਟ ਦਾ ਕੋਈ ਫਾਇਦਾ ਨਹੀਂ

ਧੰਨਾਸੁ ਵਿਖੇ ਬਣਨ ਵਾਲੇ ਫੋਕਲ ਪੁਆਇੰਟ ਦਾ ਕੋਈ ਫਾਇਦਾ ਨਹੀਂ ਹੈ । ਉਥੇ ਸਿਰਫ ਵੱਡੀ ਸਨਅਤ ਨੂੰ ਲਗਾਉਣ ਦੀ ਆਗਿਆ ਮਿਲ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਛੋਟੀਆਂ ਸਨਅਤਾਂ ਨੂੰ ਵੀ ਆਉਣ ਦੀ ਆਗਿਆ ਦੇਵੇ ਇਸ ਨਾਲ ਛੋਟੀ ਸਨਅਤ ਨੂੰ ਵੀ ਅੱਗੇ ਵਧਣ ਦਾ ਮੌਕਾ ਮਿਲੇਗਾ।

ਚੀਨ ਤੋਂ ਸਾਮਾਨ ਮੰਗਵਾਉਣ ਦੀ ਜਗ੍ਹਾ ਆਤਮਨਿਰਭਰ ਬਣੇ ਲੁਧਿਆਣਾ ਦੀ ਸਨਅਤ

ਪੰਜਾਬ ਦੀ ਸਨਅਤ ਨੂੰ ਇਸ ਵੇਲੇ ਚੀਨ ਤੋਂ ਸਾਮਾਨ ਨਹੀਂ ਆ ਰਿਹਾ। ਪੰਜਾਬ ਦੇ ਉਦਮੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਵੇਲੇ ਸਮੇਂ ਦੀ ਮੰਗ ਨੂੰ ਸਮਝਦਿਆਂ ਖ਼ੁਦ ਹੀ ਆਤਮ ਨਿਰਭਰ ਬਣਨ। ਇਸ ਤੋਂ ਇਲਾਵਾ ਦੁਨੀਆਂ ਭਰ ਦੇ ਵਿਚ ਚੀਨ ਨੂੰ ਲੈ ਕੇ ਜੋ ਅਸੰਤੋਸ਼ ਹੈ ਉਸ ਨੂੰ ਦੇਖਦਿਆਂ ਦੁਨੀਆਂ ਭਰ ਦੀ ਮਾਰਕੀਟ 'ਚ ਆਪਣੇ ਉਤਪਾਦ ਪੇਸ਼ ਕਰਨੇ ਚਾਹੀਦੇ ਹਨ ਤਾਂ ਜੋ ਭਾਰਤੀ ਉਤਪਾਦਾਂ ਦੀ ਮੰਗ ਵਧੇ ਉਨ੍ਹਾਂ ਕਿਹਾ ਕਿ ਵਿਸ਼ਵ ਵਿਚ ਵੇਲੇ ਨਵੀਆਂ ਮੰਡੀਆਂ ਖੋਜਣ ਦਾ ਇਹ ਸਹੀ ਮੌਕਾ ਹੈ।

Posted By: Seema Anand