ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ : ਦਰਿਆ ਸਤਲੁਜ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਖਤਮ ਕਰਨ ਤੇ ਰੇਤ ਮਾਫੀਏ ਨੂੰ ਸਬਕ ਸਿਖਾਉਣ ਦੇ ਦਮਗਜ਼ੇ ਮਾਰਨ ਵਾਲੀ ਚੰਨੀ ਸਰਕਾਰ ਦੇ ਰਾਜ 'ਚ ਰੇਤ ਮਾਫੀਆ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ, ਜੋ ਮਰਜ਼ੀ ਮੁਤਾਬਕ ਰੇਤ ਦਾ ਨਾਜਾਇਜ਼ ਕਾਰੋਬਾਰ ਕਰਕੇ ਸਰਕਾਰੀ ਹਦਾਇਤਾਂ ਦੀਆਂ ਧੱਜੀਆਂ ਉਡਾ ਰਿਹਾ ਹੈ।

ਰੇਤ ਠੇਕੇਦਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਨੂੰ ਲੈ ਕੇ ਖੱਡਾਂ 'ਚ ਮਿਹਨਤ ਮਜ਼ਦੂਰੀ ਕਰਨ ਵਾਲੇ ਕਾਮਿਆਂ ਨੇ ਵੱਡੀ ਪੱਧਰ 'ਤੇ ਇਕੱਠੇ ਹੋ ਕੇ ਜਿੱਥੇ ਰੇਤ ਮਾਫੀਏ 'ਤੇ ਕਈ ਤਰ੍ਹਾਂ ਦੇ ਇਲਜਾਮ ਲਗਾਏ ਉੱਥੇ ਪ੍ਰਸ਼ਾਸਨ ਨੂੰ ਵੀ ਆੜੇ ਹੱਥੀ ਲਿਆ। ਸਤਲੁਜ ਤੋਂ ਪਾਰ ਜਲੰਧਰ ਵਾਲੇ ਪਾਸੇ ਪਿੰਡ ਪਰਜੀਆਂ ਕਲਾਂ ਦੀ ਜ਼ਮੀਨ 'ਚ ਰੇਤ ਕਾਰੋਬਾਰੀਆਂ ਵੱਲੋਂ ਲਗਾਏ ਕੰਡੇ ਕੋਲ ਇਕੱਠੇ ਹੋਏ ਮਜਦੂਰਾਂ ਨੇ ਚੰਨੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਚੰਨੀ ਸਰਕਾਰ ਬਣਨ ਤੋਂ ਬਾਅਦ ਤਾਂ ਰੇਤ ਮਾਫੀਆ ਬੇਲਗਾਮ ਹੁੰਦਾ ਨਜ਼ਰ ਆ ਰਿਹਾ ਹੈ ਜੋ ਆਪਣੀਆਂ ਮਨਮਾਨੀਆਂ ਕਰਕੇ ਸਤਲੁਜ ਦਰਿਆ ਵਿਚਲ਼ੀਆਂ ਵੱਖ-ਵੱਖ ਜ਼ਮੀਨਾਂ 'ਚੋਂ ਨਾਜਾਇਜ਼ ਤਰੀਕੇ ਨਾਲ ਮਾਈਨਿੰਗ ਕਰਕੇ ਸਰਕਾਰੀ ਖਜਾਨੇ ਨੂੰ ਚੂਨਾ ਲਾ ਰਿਹਾ ਹੈ। ਉਨ੍ਹਾਂ ਦੱਸਿਆ ਸਰਕਾਰ ਵੱਲੋਂ ਰੇਤਾ ਸਸਤਾ ਕਰਨ ਉਪਰੰਤ ਰੇਤੇ ਦਾ ਕਾਰੋਬਾਰ ਕਰ ਰਹੀ ਮਹਾਦੇਵ ਇੰਨਕਲੇਵ ਪ੍ਰਰਾਈਵੇਟ ਲਿਮ. ਉਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰ ਕੇ ਉਨ੍ਹਾਂ ਨੂੰ ਸਿਰਫ 70 ਪੈਸੇ ਪ੍ਰਤੀ ਫੁੱਟ ਮਜਦੂਰੀ ਦੇ ਰਹੀ ਹੈ ਜਦਕਿ ਪਹਿਲਾਂ ਇਕ ਰੁਪਇਆ ਮਿਲਦਾ ਸੀ। ਪਰ ਹੁਣ ਇਸ ਕੰਪਨੀ ਨੇ ਪ੍ਰਸ਼ਾਸਨ ਨਾਲ ਗੰਢਤੁੱਪ ਕਰਕੇ ਵੱਡੀਆਂ-ਵੱਡੀਆਂ ਪੋਕਲਾਈਨ ਮਸ਼ੀਨਾਂ ਰਾਹੀਂ ਰੇਤੇ ਦੀ ਚੁਕਾਈ ਸ਼ੁਰੂ ਕਰ ਦਿੱਤੀ ਤੇ ਸਾਨੂੰ ਕੋਰਾ ਜਵਾਬ ਦੇ ਦਿੱਤਾ। ਉਨ੍ਹਾਂ ਇਸ ਸਬੰਧੀ ਸਬੰਧਤ ਵਿਭਾਗ ਦੇ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ ਉਨ੍ਹਾਂ ਵੱਲੋਂ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ।

ਉਨ੍ਹਾਂ ਇਸ ਮੌਕੇ ਕੰਪਨੀ ਤੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਲਾਉਂਦੇ ਹੋਏ ਆਖਿਆ ਕਿ ਕੰਡੇ ਤਾਂ ਸਿਰਫ ਪ੍ਰਸ਼ਾਸਨ ਦੇ ਅੱਖੀ ਘੱਟਾ ਪਾਉਣ ਲਈ ਹੀ ਲਗਾਏ ਗਏ ਹਨ ਜਦਕਿ ਬਿਨਾਂ ਕੰਡਾ ਕੀਤੇ ਰੇਤ ਦਾ ਕਾਰੋਬਾਰ ਉਨ੍ਹਾਂ ਵੱਖ-ਵੱਖ ਖੱਡਾਂ ਰਾਹੀਂ ਕੀਤਾ ਜਾਂਦਾ ਹੈ ਜਿੱਥੇ ਕੰਡਾ ਵੀ ਨਹੀਂ ਲੱਗਾ ਤੇ ਹਰ 10-15 ਦਿਨਾਂ ਬਾਅਦ ਖੱਡ ਵਾਲੀ ਜਮੀਨ ਬਦਲ ਲਈ ਜਾਂਦੀ ਹੈ। ਇਸ ਮੌਕੇ ਕਿਸਾਨ ਗੁਰਮੀਤ ਸਿੰਘ ਮੀਤਾ ਨੇ ਕਿਹਾ ਕੁਝ ਦਿਨ ਪਹਿਲਾਂ ਇਸ ਰੇਤ ਮਾਫੀਆ ਨੇ ਉਸ ਦੀ ਅੱਧਾ ਕਿੱਲਾ ਜਮੀਨ 'ਚੋਂ ਧੱਕੇ ਨਾਲ ਹੀ ਰੇਤਾ ਭਰ ਲਿਆ ਜਿਸ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਕਿਸਾਨ ਜਮਹੂਰੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਰਾਜ ਸਿੰਘ ਕੋਟਉਮਰਾ ਤੇ ਕਾਮਰੇਡ ਡਾ. ਲਖਵੀਰ ਸਿੰਘ ਨੇ ਪੱਤਰਕਾਰਾਂ ਨੂੰ ਮੌਜੂਦਾ ਚੱਲ ਰਹੇ ਟੱਕ ਵਿਖਾਏ ਜੋ ਜਲੰਧਰ-ਜਗਰਾਓਂ ਮੁੱਖ ਮਾਰਗ ਤੇ ਪੈਂਦੇ ਪੁਲ ਦੇ ਬਿਲਕੁਲ ਨੇੜੇ ਸਨ, ਜਿੱਥੇ ਰੇਤ ਕਾਰੋਬਾਰੀਆਂ ਵੱਲੋਂ ਦਰਿਆ ਸਤਲੁਜ ਵਿੱਚ ਪਾਣੀ ਨੂੰ ਬੰਨ ਮਾਰਕੇ ਉਸ 'ਚੋਂ ਰੇਤ ਮਾਫੀਆ ਚਿੱਟੇ ਰੇਤੇ ਦਾ ਕਾਲਾ ਕਾਰੋਬਾਰ ਕਰ ਰਿਹਾ ਸੀ। ਉਕਤ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਜੇਕਰ ਪ੍ਰਸ਼ਾਸਨ ਨੇ ਰੇਤ ਮਜਦੂਰਾਂ ਨੂੰ ਇਨਸਾਫ ਦੇ ਕੇ ਚੱਲ ਰਹੇ ਨਾਜਾਇਜ਼ ਟੱਕਾਂ ਨੂੰ ਬੰਦ ਕਰਕੇ ਪੋਕਲਾਈਨਾਂ ਨੂੰ ਜਬਤ ਨਾ ਕੀਤਾ ਤਾਂ ਮਜਦੂਰ ਹਿਤੈਸ਼ੀ ਲੋਕਾਂ ਵੱਲੋਂ ਜਲੰਧਰ-ਜਗਰਾਓਂਂ ਮਾਰਗ ਬੰਦ ਕਰ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਇਸ ਸਬੰਧੀ ਜਦੋਂ ਸਥਾਨਕ ਵਿਭਾਗ ਵੱਲੋਂ ਕੰਡੇ 'ਤੇ ਲਗਾਏ ਇਕ ਬੋਰਡ ਉੱਤੇ ਲਿਖੇ ਨੰਬਰਾਂ 'ਤੇ ਫੋਨ ਕਰਨ ਦੀ ਕੋਸ਼ਿਸ ਕੀਤੀ ਤਾਂ ਕਿਸੇ ਨਾਲ ਵੀ ਸੰਪਰਕ ਨਹੀ ਹੋ ਸਕਿਆ। ਇਸ ਮੌਕੇ ਜੋਗਿੰਦਰ ਸਿੰਘ, ਬੱਗਾ ਸਿੰਘ, ਬਿੱਟੂ ਸਿੰਘ, ਜੱਸਾ ਸਿੰਘ, ਭਜਨ ਸਿੰਘ, ਬਲਜਿੰਦਰ ਸਿੰਘ, ਸੰਤੋਖ ਸਿੰਘ, ਸੁਰਜੀਤ ਸਿੰਘ, ਚਰਨ ਸਿੰਘ, ਰਛਪਾਲ ਸਿੰਘ, ਕੁਲਵਿੰਦਰ ਸਿੰਘ, ਿਛੰਦਾ ਸਿੰਘ, ਗੁਰਮੇਲ ਸਿੰਘ, ਬਲਵਿੰਦਰ ਸਿੰਘ, ਚਰਨਜੀਤ ਸਿੰਘ ਵੀ ਮੌਜੂਦ ਸਨ।