ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਦੀ ਅਗਵਾਈ ਹੇਠ ਇੰਗਲੈਂਡ ਵੱਸਦੇ ਸ਼ਾਇਰ ਨਛੱਤਰ ਭੋਗਲ ਨਾਲ ਰੂ-ਬ-ਰੂ ਕਰਵਾਈ ਗਈ। ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਭੱਠਲ ਨੇ ਦੱਸਿਆ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪਰਦੇਸਾਂ ਤੋਂ ਆਉਣ ਵਾਲੇ ਲੇਖਕਾਂ ਨਾਲ ਸਮੇਂ-ਸਮੇਂ ਰੂ-ਬ-ਰੂ ਕਰਾਉਂਦੇ ਹਾਂ। ਸਮਾਗਮ ਦੇ ਕਨਵੀਨਰ ਡਾ. ਗੁਰਇਕਬਾਲ ਸਿੰਘ ਨੇ ਸਮਾਗਮ ਦਾ ਆਗਾਜ਼ ਕਰਦਿਆਂ ਸ਼ਾਇਰ ਨਛੱਤਰ ਭੋਗਲ ਬਾਰੇ ਸੰਖੇਪ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਵਿਚਾਰ ਚਰਚਾ ਦੌਰਾਨ ਸ਼ਾਇਰ ਨਛੱਤਰ ਭੋਗਲ ਨੇ ਦੱਸਿਆ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਉਨ੍ਹਾਂ ਨੂੰ ਨਤਮਸਤਕ ਹੋ ਰਹੇ ਹਾਂ,Ý ਪਰ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦੇ ਸਕੰਲਪ ਤੋਂ ਦੂਰ ਹੁੰਦੇ ਜਾ ਰਹੇ ਹਾਂ। ਉਨ੍ਹਾਂ ਆਪਣੀ ਕਵਿਤਾ ਸੁਣਾਉਂਦਿਆਂ ਕਿਹਾ ਕਿ ਤੁਸੀਂ ਭੁੱਖਿਆਂ ਤਾਈਂ ਖਵਾਇਆ ਸੀ, ਅਸੀਂ ਰੱਜਿਆਂ ਤਾਈਂ ਰਜਾਇਆ ਹੈ। ਉਨ੍ਹਾਂ ਕਿਹਾ ਕਿ ਇੰਗਲੈਂਡ ਵਿੱਚ ਰਹਿੰਦਿਆਂ ਹੋਇਆਂ ਜੀਵਨ ਵਿਚ ਸਮਾਜਿਕ ਪੱਖ ਤੋਂ ਉਨ੍ਹਾਂ ਨੂੰ ਹਾਲੇ ਤਕ ਕੋਈ ਦਿੱਕਤ ਨਹੀਂ ਆਈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਧਰੋਂ ਪੜ੍ਹਨ ਜਾ ਰਹੇ 10 ਫੀਸਦੀ ਵਿਦਿਆਰਥੀ ਪੜ੍ਹਦੇ ਹਨ। ਇਸ ਮੌਕੇ ਹਾਜ਼ਰ ਸਰੋਤਿਆਂ ਵੱਲੋਂ ਉਨ੍ਹਾਂ ਨੂੰ ਕਈ ਪ੍ਰਸ਼ਨ ਕੀਤੇ ਗਏ ਜਿਨ੍ਹਾਂ ਦੇ ਨਛੱਤਰ ਭੋਗਲ ਨੇ ਵਧੀਆ ਜਵਾਬ ਦਿੱਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਨਿੰਦਰ ਘੁਗਿਆਣਵੀ, ਪਿ੍ਰੰ. ਪ੍ਰੇਮ ਸਿੰਘ ਬਜਾਜ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਡਾ. ਸੰਦੀਪ ਕੌਰ ਸੇਖੋਂ, ਹਰਬੰਸ ਮਾਲਵਾ, ਸਰਬਜੀਤ ਸਿੰਘ ਵਿਰਦੀ, ਦਰਸ਼ਨ ਬੁਲੰਦਵੀ, ਰਵਿੰਦਰ ਦੀਵਾਨਾ, ਜਰਮਨ ਤੋਂ ਰਘਬੀਰ ਸਿੰਘ ਰੱਜੋਆਣਾ, ਜਗਬੀਰ ਸਿੰਘ ਅਤੇ ਮੇਘ ਰਾਜ ਸਮੇਤ ਸਥਾਨਕ ਲੇਖਕ ਹਾਜ਼ਰ ਸਨ।