ਕਰਾਈਮ ਰਿਪੋਰਟਰ, ਲੁਧਿਆਣਾ : ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਥਾਣਾ ਹੈਬੋਵਾਲ ਪੁਲਿਸ ਨੇ ਦੋ ਜਨਾਨਾ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੀਆਂ ਗਈ ਅੌਰਤਾਂ ਦੀ ਪਛਾਣ ਮੀਨਾਕਸ਼ੀ ਤੇ ਕਿਰਨ ਬਾਲਾ ਵਜੋਂ ਹੋਈ ਹੈ। ਥਾਣਾ ਹੈਬੋਵਾਲ ਦੇ ਥਾਣੇਦਾਰ ਕੁਲਦੀਪ ਸਿੰਘ ਮੁਤਾਬਕ ਸਥਾਨਕ ਚੂਹੜਪੁਰ ਰੋਡ ਈਸ਼ਰ ਪੈਟਰੋਲ ਪੰਪ ਸੰਤ ਵਿਹਾਰ ਦੇ ਨਜ਼ਦੀਕ ਇਕ ਬਿਨਾਂ ਨੰਬਰੀ ਜੂਪੀਟਰ ਸਕੂਟਰੀ 'ਤੇ ਸਵਾਰ ਹੋ ਕੇ ਦੋ ਸ਼ੱਕੀ ਅੌਰਤਾਂ ਆ ਰਹੀਆਂ ਸਨ। ਚੌਕ 'ਚ ਪੁਲਿਸ ਨਾਕਾ ਵੇਖ ਕੇ ਦੋਨਾਂ ਨੇ ਘਬਰਾ ਕੇ ਜੂਪੀਟਰ ਵਾਪਸ ਮੋੜ ਕੇ ਮੌਕੇ ਤੋਂ ਖਿਸਕਣ ਦੀ ਕੋਸ਼ਿਸ਼ ਕੀਤੀ। ਸ਼ੱਕ ਦੇ ਆਧਾਰ ਤੇ ਪੁਲਿਸ ਨੇ ਦੋਵਾਂ ਨੂੰ ਰੋਕ ਕੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਦੋਵਾਂ ਕੋਲੋਂ 9 ਗ੍ਰਾਮ ਸਮੈਕ ਤੇ ਨੱਬੇ ਗ੍ਰਾਮ ਚਰਸ ਬਰਾਮਦ ਹੋਈ। ਪੁਲਿਸ ਅਧਿਕਾਰੀਆਂ ਮੁਤਾਬਕ ਆਸ ਹੈ ਕਿ ਵਧੇਰੇ ਪੁੱਛਗਿੱਛ ਦੌਰਾਨ ਨਸ਼ਾ ਤਸਕਰੀ ਤੇ ਰੈਕੇਟ ਨਾਲ ਜੁੜੇ ਹੋਰ ਤਸਕਰਾਂ ਬਾਰੇ ਅਹਿਮ ਸੁਰਾਗ ਹੱਥ ਲੱਗਣਗੇ।