ਲੁਧਿਆਣਾ : ਦਿੱਲੀ ਵਾਸੀ ਦੋਸਤ ਨੂੰ ਮਿਲਣ ਗਈ ਨਾਬਾਲਿਗ ਲੜਕੀ ਗਲਤੀ ਨਾਲ ਅੰਮਿ੍ਤਸਰ ਪਹੁੰਚ ਗਈ ਜਿੱਥੇ ਆਟੋ ਚਾਲਕ ਨੇ ਸਾਥੀ ਸਮੇਤ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਥਾਣਾ ਡਵੀਜ਼ਨ ਨੰਬਰ ਚਾਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਜਬਰ ਜਨਾਹ ਤੇ ਪਾਸਕੋ ਐਕਟ ਤਹਿਤ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਏਐੱਸਆਈ ਸ਼ੇਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅੰਮਿ੍ਤਸਰ ਵਾਸੀ ਸਾਹਿਬ ਤੇ ਬਾਬਾ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਉਕਤ ਕਿਲ੍ਹਾ ਮੁਹੱਲਾ ਦੀ ਡਿਸਕੋ ਕਾਲੋਨੀ ਵਾਸੀ 15 ਸਾਲਾ ਨਾਬਾਲਿਗ ਲੜਕੀ ਦੀ ਸ਼ਿਕਾਇਤ 'ਤੇ ਪਰਚਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੇ ਬਿਆਨ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਦੀ ਦਿੱਲੀ ਵਾਸੀ ਸਾਹਿਲ ਨਾਮਕ ਨੌਜਵਾਨ ਨਾਲ ਦੋਸਤੀ ਹੋਈ ਸੀ। 3 ਫਰਵਰੀ ਨੂੰ ਉਹ ਦਿੱਲੀ ਜਾਣ ਲਈ ਘਰੋਂ ਰੇਲਵੇ ਸਟੇਸ਼ਨ 'ਤੇ ਪਹੁੰਚੀ। ਉਥੇ ਗਲਤ ਰੇਲ ਗੱਡੀ ਵਿਚ ਬੈਠਣ ਕਾਰਨ ਉਹ ਫਿਰੋਜ਼ਪੁਰ ਪਹੁੰਚ ਗਈ। ਉਥੋਂ ਗ਼ਲਤ ਬੱਸ ਵਿਚ ਬੈਠਣ ਕਾਰਨ ਉਹ ਅੰਮਿ੍ਤਸਰ ਪਹੁੰਚ ਗਈ। ਉਥੇ ਬੱਸ ਅੱਡੇ 'ਤੇ ਉਸ ਨੂੰ ਸਾਹਿਬ ਨਾਮਕ ਆਟੋ ਚਾਲਕ ਮਿਲਿਆ। ਉਸ ਨੇ ਦੱਸਿਆ ਕਿ ਅੱਜ ਦਿੱਲੀ ਲਈ ਕੋਈ ਰੇਲ ਗੱਡੀ ਨਹੀਂ ਹੈ। ਉਹ ਅੱਜ ਉਸ ਕੋਲ ਹੀ ਰੁਕ ਜਾਵੇ। ਅਗਲੇ ਦਿਨ ਸਵੇਰੇ ਹੀ ਉਹ ਉਸ ਨੂੰ ਦਿੱਲੀ ਜਾਣ ਵਾਲੀ ਰੇਲ ਗੱਡੀ ਵਿਚ ਬਿਠਾ ਦੇਵੇਗਾ। ਉਸ ਦੀਆਂ ਗੱਲਾਂ ਵਿਚ ਆਈ ਨਾਬਾਲਿਗਾ ਉਸ ਦੇ ਨਾਲ ਚਲੀ ਗਈ ਪਰ ਉਹ ਉਸ ਨੂੰ ਆਪਣੇ ਘਰ ਲਿਜਾਣ ਦੀ ਬਜਾਏ ਇਕ ਹੋਟਲ ਵਿਚ ਲੈ ਗਿਆ। ਬਾਬਾ ਨਾਮਕ ਉਸ ਦਾ ਸਾਥੀ ਵੀ ਉਥੇ ਆ ਗਿਆ ਜਿੱਥੇ ਦੋਵਾਂ ਨੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਅਗਲੇ ਦਿਨ ਦੋਵੇਂ ਮੁਲਜ਼ਮ ਉਸ ਨੂੰ ਲੁਧਿਆਣਾ ਵਾਲੀ ਬੱਸ ਵਿਚ ਬਿਠਾ ਕੇ ਚਲੇ ਗਏ।

ਓਧਰ ਐੱਸਐੱਚਓ ਇੰਸਪੈਕਟਰ ਸੁਰਿੰਦਰ ਚੋਪੜਾ ਨੇ ਕਿਹਾ ਕਿ ਨਾਬਾਲਿਗਾ ਦੇ ਬਿਆਨ ਵਿਚ ਕਈ ਸਵਾਲ ਤਾਂ ਹਨ ਪਰ ਉਸ ਨੇ ਜੋ ਬਿਆਨ ਦਰਜ ਕਰਵਾਇਆ ਹੈ, ਉਸ ਦੇ ਹਿਸਾਬ ਨਾਲ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨਾਲ ਜਬਰ ਜਨਾਹ ਅੰਮਿ੍ਤਸਰ ਵਿਚ ਹੋਇਆ। ਘਰ ਪਹੁੰਚਣ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਵਿਚ ਜ਼ੀਰੋ ਐੱਫਆਈਆਰ ਦਰਜ ਕੀਤੀ ਗਈ ਹੈ ਜਿਸ ਨੂੰ ਜਾਂਚ ਲਈ ਅੰਮਿ੍ਤਸਰ ਪੁਲਿਸ ਨੂੰ ਸੌਂਪ ਦਿੱਤਾ ਜਾਵੇਗਾ। ਮੁਲਜ਼ਮਾਂ ਦੀ ਭਾਲ ਕਰ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਅੰਮਿ੍ਤਸਰ ਪੁਲਿਸ ਹੀ ਕਰੇਗੀ।