ਜੇਐਨਐਨ, ਮੋਗਾ : ਦੋ ਮਹੀਨੇ ਦੀ ਬੇਟੀ ਨੂੰ ਚਾਲੀ ਹਜ਼ਾਰ ਰੁਪਏ ’ਚ ਵੇਚਣ ਆਏ ਜੋੜੇ ਨੂੰ ਮੋਗਾ ਦੇ ਸੀਆਈਏ ਸਟਾਫ਼ ਪੁਲਿਸ ਨੇ ਫੜ ਲਿਆ ਹੈ। ਇਸ ਦੌਰਾਨ ਬੱਚੀ ਨੂੰ ਖਰੀਦਣ ਆਏ ਵਿਅਕਤੀ ਅਤੇ ਬੱਚੀ ਦਾ ਸੌਦਾ ਕਰਾਉਣ ਵਾਲੀ ਔਰਤ ਫਰਾਰ ਹੋ ਗਏ। ਇਹ ਜੋੜਾ ਸ਼ਹਿਰ ਦੇ ਬਾਹਰੀ ਖੇਤਰ ਵਿਚ ਇਕ ਢਾਬੇ ਤੋਂ ਹਿਰਾਸਤ ਵਿਚ ਲਿਆ ਗਿਆ। ਦੋਵਾਂ ਦਾ ਦੇਰ ਰਾਤ ਮਥੁਰਾ ਦਾਸ ਸਿਵਲ ਹਸਪਤਾਲ ਵਿਚ ਮੈਡੀਕਲ ਕਰਾਇਆ ਗਿਆ। ਸੂਚਨਾ ਮਿਲਣ ’ਤੇ ਬਾਲ ਭਲਾਈ ਕੌਂਸਲ ਦੀ ਚੇਅਰਪਰਸਨ ਵਰਿੰਦਰ ਕੌਰ ਵੀ ਸਿਵਲ ਹਸਪਤਾਲ ਪਹੁੰਚੀ ਜੋ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਬੱਚੀ ਨੂੰ ਵੇਚਣ ਆਇਆ ਜੋੜਾ ਲੁਧਿਆਣਾ ਦੇ ਹੈਬੋਵਾਲ ਇਲਾਕੇ ਦਾ ਰਹਿਣ ਵਾਲਾ ਹੈ। ਪੁਲਿਸ ਪੁੱਛ ਪੜਤਾਲ ਦੌਰਾਨ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਉਸਦੀ ਦੋ ਸਾਲ ਦੀ ਬੇਟੀ ਗੁਰਮਨ ਕੌਰ ਹੈ। ਦੋ ਮਹੀਨੇ ਪਹਿਲਾਂ ਉਸ ਦੀ ਪਤਨੀ ਨੇ ਇਕ ਹੋਰ ਔਲਾਦ ਦੇ ਰੂਪ ਵਿਚ ਬੇਟੀ ਪ੍ਰਭਜੋਤ ਕੌਰ ਨੂੰ ਜਨਮ ਦਿੱਤਾ। ਪ੍ਰਭਜੋਤ ਕੌਰ ਦੀ ਜਨਮ ਤੋਂ ਹੀ ਫੂਡ ਪਾਈਪ ਵਿਚ ਕੋਈ ਪਰੇਸ਼ਾਨੀ ਹੋਣ ਕਾਰਨ ਉਸ ਦਾ ਚੰਡੀਗੜ੍ਹ ਵਿਚ ਇਲਾਜ ਕਰਾਉਣਾ ਪਿਆ।

ਇਸੇ ਦੌਰਾਨ ਅਵਤਾਰ ਸਿੰਘ ਦਾ ਇਕ ਪੈਰ ਸੜਕ ਹਾਦਸੇ ਵਿਚ ਜ਼ਖ਼ਮੀ ਹੋਣ ਕਾਰਨ ਉਸ ਦਾ ਮਜ਼ਦੂਰੀ ਕਰਨ ਜਾਣਾ ਵੀ ਛੁੱਟ ਗਿਆ। ਪਰਿਵਾਰ ਆਰਥਕ ਤੰਗੀ ਨਾਲ ਜੂਝ ਰਿਹਾ ਸੀ। ਅਵਤਾਰ ਸਿੰਘ ਨੇ ਦੱਸਿਆ ਕਿ ਹੈਬੋਵਾਲ ਵਿਚ ਉਨ੍ਹਾਂ ਨੂੰ ਇਕ ਔਰਤ ਮਿਲੀ। ਉਸ ਨੇ ਕਿਹਾ ਕਿ ਮੋਗਾ ਦਾ ਇਕ ਵਿਆਹੁਤਾ ਜੋੜਾ ਬੱਚੀ ਗੋਦ ਲੈਣਾ ਚਾਹੁੰਦਾ ਹੈ ਜੇ ਉਹ ਬੱਚੀ ਨੂੰ ਵੇਚਣਾ ਚਾਹੋ ਤਾਂ 40 ਹਜ਼ਾਰ ਰੁਪਏ ਦਿਵਾ ਦੇਵੇਗੀ। ਇਸ ’ਤੇ ਉਹ ਆਪਣੀ ਦੋ ਮਹੀਨੇ ਦੀ ਬੇਟੀ ਨੂੰ ਵੇਚਣ ਲਈ ਤਿਆਰ ਹੋ ਗਿਆ।

ਮਹਿਲਾ ਨੇ ਪਹਿਲਾਂ ਜਗਰਾਓ ਸੱਦਿਆ। ਜਗਰਾਓਂ ਵਿਚ ਦੱਸੇ ਸਥਾਨ ’ਤੇ ਉਹ ਪਹੁੰਚੇ ਤਾਂ ਉਨ੍ਹਾਂ ਨੂੰ ਮੋਗਾ ਵਿਚ ਲੁਧਿਆਣਾ ਰੋਡ ’ਤੇ ਇਕ ਢਾਬੇ ’ਤੇ ਆਉਣ ਲਈ ਕਿਹਾ ਗਿਆ। ਉਥੇ ਔਰਤ ਦੇ ਨਾਲ ਇਕ ਆਦਮੀ ਵੀ ਸੀ। ਜਦੋਂ ਉਹ ਢਾਬੇ ’ਤੇ ਬੱਚੀ ਖਰੀਦਣ ਨੂੰ ਲੈ ਕੇ ਚਰਚਾ ਕਰ ਰਹੇ ਸਨ ਤਾਂ ਉਥੇ ਨੇੜੇ ਬੈਠੇ ਕਿਸੇ ਵਿਅਕਤੀ ਨੇ ਇਸ ਦੀ ਸੂਚਨਾ ਸੀਆਈਏ ਸਟਾਫ਼ ਪੁਲਿਸ ਨੂੰ ਦੇ ਦਿੱਤੀ। ਪੁਲਿਸ ਮੌਕੇ ’ਤੇ ਪਹੁੰਚੀ ਤਾਂ ਬੱਚੀ ਨੂੰ ਖਰੀਦਣ ਪਹੁੰਚੀ ਔਰਤ ਅਤੇ ਉਸ ਨਾਲ ਆਇਆ ਵਿਅਕਤੀ ਫਰਾਰ ਹੋ ਗਏ। ਪੁਲਿਸ ਨੇ ਜੋੜੇ ਨੂੰ ਹਿਰਾਸਤ ਵਿਚ ਲੈ ਲਿਆ।

Posted By: Tejinder Thind