ਐੱਸਪੀ ਜੋਸ਼ੀ ਲੁਧਿਆਣਾ : ਥਾਣਾ ਟਿੱਬਾ ਅਧੀਨ ਬਾਬਾ ਨਾਮਦੇਵ ਕਾਲੋਨੀ ਤੋਂ ਤਿੰਨ ਦਿਨ ਪਹਿਲਾਂ ਅਚਾਨਕ ਗਾਇਬ ਹੋਏ ਦੋ ਨਾਬਾਲਿਗ ਲੜਕੇ ਲੁਧਿਆਣਾ ਦੀ ਟਿੱਬਾ ਪੁਲਿਸ ਨੇ ਬਰਾਮਦ ਕਰਕੇ ਮਾਪਿਆਂ ਹਵਾਲੇ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਸ਼ੱਕੀ ਹਾਲਾਤ ਵਿਚ ਅਚਾਨਕ ਗਾਇਬ ਹੋਏ ਲੜਕੇ ਜਿੱਥੇ ਇਕ ਮੁਹੱਲੇ ਦੇ ਹੀ ਰਹਿਣ ਵਾਲੇ ਹਨ ਉੱਥੇ ਪੜ੍ਹਦੇ ਵੀ ਇੱਕੋ ਸਕੂਲ ਵਿੱਚ ਸਨ। ਅਚਾਨਕ ਇਹ ਦੋਵੇਂ ਬੱਚੇ ਲੁਧਿਆਣਾ ਤੋਂ ਗਾਇਬ ਹੋਏ ਅਤੇ ਪੁਲਿਸ ਨੇ ਦੇਹਰਾਦੂਨ ਤੋਂ ਬਰਾਮਦ ਕੀਤੇ ਹਨ।

ਏਸੀਪੀ ਦਵਿੰਦਰ ਚੌਧਰੀ ਮੁਤਾਬਕ, ਸਥਾਨਕ ਬਾਬਾ ਨਾਮਦੇਵ ਕਾਲੋਨੀ ਦੀ ਗਲੀ ਨੰਬਰ ਤਿੰਨ ਵਿਚ ਰਹਿਣ ਵਾਲੀ ਅੰਜਲੀ ਮਿਸ਼ਰਾ ਨਾਮ ਦੀ ਔਰਤ ਨੇ ਪੁਲਿਸ ਕੋਲ ਆਪਣੇ 14 ਸਾਲ ਦੇ ਬੇਟੇ ਦੀ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਈ ਸੀ।ਸ਼ਿਕਾਇਤਕਰਤਾ ਅੰਜਲੀ ਮੁਤਾਬਕ, ਉਸ ਦਾ ਬੇਟਾ ਇਕ ਨਿੱਜੀ ਸਕੂਲ ਵਿੱਚ ਸੱਤਵੀਂ ਜਮਾਤ ਵਿਚ ਪੜ੍ਹਦਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ ਦੀ ਤਰ੍ਹਾਂ ਉਸ ਦਾ ਬੇਟਾ ਸਵੇਰੇ ਸਕੂਲ ਜਾਣ ਲਈ ਘਰੋਂ ਗਿਆ ਸੀ।ਸਕੂਲ ਤੋਂ ਚਾਰ ਵਜੇ ਛੁੱਟੀ ਹੋਣ ਮਗਰੋਂ ਕਾਫੀ ਦੇਰ ਤਕ ਉਸ ਦਾ ਬੇਟਾ ਘਰ ਨਾ ਆਇਆ ਤਾਂ ਉਨ੍ਹਾਂ ਬੱਚੇ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਜਦ ਬੱਚੇ ਸਬੰਧੀ ਕੋਈ ਜਾਣਕਾਰੀ ਨਾ ਮਿਲੀ ਤਾਂ ਉਨ੍ਹਾਂ ਥਾਣਾ ਟਿੱਬਾ ਪੁਲਿਸ ਨਾਲ ਸੰਪਰਕ ਕੀਤਾ। ਥਾਣਾ ਟਿੱਬਾ ਪੁਲਿਸ ਵੱਲੋਂ ਅਜੇ ਗਲੀ ਨੰਬਰ 3 ਵਿਚ ਰਹਿਣ ਵਾਲੇ ਪਰਿਵਾਰ ਦੇ ਗਾਇਬ ਹੋਏ ਲੜਕੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਬਾਬਾ ਨਾਮਦੇਵ ਕਾਲੋਨੀ ਦੀ ਗਲੀ ਨੰਬਰ 5 ਦੇ ਰਹਿਣ ਵਾਲੇ ਨਸੀਮ ਅਹਿਮਦਵਵੀ ਆਪਣੇ 13 ਸਾਲ ਦੇ ਭਾਣਜੇ ਦੇ ਗਾਇਬ ਹੋਣ ਦੀ ਸ਼ਿਕਾਇਤ ਲੈ ਕੇ ਥਾਣੇ ਪੁੱਜੇ। ਇਕੋ ਮੁਹੱਲੇ ਵਿੱਚ ਹੀ ਰਹਿਣ ਵਾਲੇ ਦੋ ਪਰਿਵਾਰਾਂ ਦੇ ਦੋ ਨਬਾਲਿਗ ਬੱਚਿਆਂ ਦੀ ਗੁੰਮਸ਼ੁਦਗੀ ਨੇ ਪੁਲਿਸ ਨੂੰ ਪ੍ਰੇਸ਼ਾਨ ਕਰ ਦਿੱਤਾ। ਬਹਰਹਾਲ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਥਾਣਾ ਟਿੱਬਾ ਦੇ ਮੁਖੀ ਵੱਲੋਂ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਟੀਮਾਂ ਬਣਾ ਕੇ ਪੁਲਿਸ ਨੇ ਭੱਜ ਦੌੜ ਸ਼ੁਰੂ ਕਰ ਦਿੱਤੀ। ਮਹਾਂਨਗਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਧਾਰਮਿਕ ਸਥਾਨਾਂ ਅਤੇ ਹੋਰ ਕਈ ਥਾਵਾਂ 'ਤੇ ਪੁਲਿਸ ਦੀਆਂ ਟੀਮਾਂ ਨੇ ਪੁੱਛ ਪੜਤਾਲ ਕੀਤੀ। ਪੜਤਾਲ ਦੌਰਾਨ ਦੋਵੇਂ ਗਾਇਬ ਹੋਏ ਕਿਸ਼ੋਰਾਂ ਦੀ ਦੇਹਰਾਦੂਨ ਹੋਣ ਦੀ ਭਿਣਕ ਲੱਗੀ।ਪੁਲਿਸ ਨੇ ਤੁਰੰਤ ਦੇਹਰਾਦੂਨ ਦੌੜ ਲਗਾਈ ਅਤੇ ਗਾਇਬ ਹੋਏ ਦੋਵਾਂ ਨਾਬਾਲਿਗ ਲੜਕਿਆਂ ਨੂੰ ਬਰਾਮਦ ਕਰ ਕੇ ਸਹੀ ਸਲਾਮਤ ਵਾਰਿਸਾਂ ਹਵਾਲੇ ਕਰ ਦਿੱਤਾ।

ਇੱਕੋ ਮੁਹੱਲੇ ਵਿਚ ਰਹਿਣ ਵਾਲੇ ਅਤੇ ਇੱਕੋ ਸਕੂਲ ਵਿੱਚ ਪੜ੍ਹਨ ਵਾਲੇ ਦੋਨਾਂ ਕਿਸ਼ੋਰਾਂ ਦੇ ਇਸ ਤਰਾਂ ਸ਼ੱਕੀ ਹਾਲਾਤ ਵਿੱਚ ਲੁਧਿਆਣਾ ਤੋਂ ਦੇਹਰਾਦੂਨ ਤੱਕ ਪੁੱਜਣ ਪਿੱਛੇ ਅਸਲ ਕਾਰਨਾਂ ਸਬੰਧੀ ਪੁਲਿਸ ਵੱਲੋਂ ਤਹਿਕੀਕਾਤ ਕੀਤੀ ਜਾ ਰਹੀ ਹੈ।

Posted By: Jagjit Singh