ਸੰਜੀਵ ਗੁਪਤਾ, ਜਗਰਾਓਂ : ਅਰਬ ਦੇਸ਼ਾਂ 'ਚ ਰੁਜ਼ਗਾਰ ਅਤੇ ਚੰਗਾ ਰਹਿਣ-ਸਹਿਣ ਮੁਹੱਈਆ ਕਰਵਾਉਣ ਦਾ ਦਾਅਵਾ ਕਰ ਕੇ ਮੁਟਿਆਰਾਂ ਨੂੰ ਲੈ ਕੇ ਜਾਣ ਵਾਲੇ ਏਜੰਟ 3500 ਅਮਰੀਕੀ ਡਾਲਰਾਂ 'ਚ ਵੇਚ ਰਹੇ ਹਨ। ਦਿਲ ਕੰਬਾਊ ਇਸ ਘਟਨਾ ਦਾ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਦੋ ਪੀੜਤ ਪਰਿਵਾਰਾਂ ਨੇ ਖ਼ੁਲਾਸਾ ਕੀਤਾ।

ਇਨ੍ਹਾਂ ਦੋਵਾਂ ਪਰਿਵਾਰਾਂ ਦੀਆਂ ਮੁਟਿਆਰਾਂ ਨੂੰ ਵੇਚਿਆ ਗਿਆ ਹੈ। ਸੋਮਵਾਰ ਨੂੰ ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਇਲਾਕੇ ਦੀ ਇਕ ਮਹਿਲਾ ਏਜੰਟ ਕਰਮਜੀਤ ਕੌਰ ਜੋ ਔਰਤਾਂ ਨੂੰ ਰੁਜ਼ਗਾਰ ਦਿਵਾਉਣ ਦਾ ਦਾਅਵਾ ਕਰ ਕੇ ਅਰਬ ਦੇਸ਼ਾਂ ਵਿਚ ਭੇਜਦੀ ਹੈ ਜੋ ਝੂਠ ਹੈ। ਮਹਿਲਾ ਏਜੰਟ ਵੱਲੋਂ ਸਰਬਜੀਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਭੰਗੜ ਗੇਟ ਜਗਰਾਓਂ ਅਤੇ ਸੰਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਰਸੂਲਪੁਰ ਨੂੰ ਵੇਚ ਦਿੱਤਾ ਗਿਆ ਹੈ।

ਓਮਾਨ 'ਚ ਉਨ੍ਹਾਂ ਨੂੰ ਜਿਨ੍ਹਾਂ ਕੋਲ ਵੇਚਿਆ ਗਿਆ ਹੈ ਉਨ੍ਹਾਂ ਵੱਲੋਂ ਦੋਵਾਂ 'ਤੇ ਤਸ਼ੱਦਦ ਕਰਨ ਦੇ ਨਾਲ-ਨਾਲ ਉਨ੍ਹਾਂ ਤੋਂ ਹੱਡ ਭੰਨਵੀਂ ਮਿਹਨਤ ਕਰਵਾਈ ਜਾ ਰਹੀ ਹੈ। ਯੂਨੀਅਨ ਦੀ ਅਗਵਾਈ 'ਚ ਉਕਤ ਔਰਤਾਂ ਦੇ ਪਰਿਵਾਰਕ ਮੈਂਬਰ ਸੁਰਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਏਜੰਟ ਕਰਮਜੀਤ ਕੌਰ ਵੱਲੋਂ ਸਰਬਜੀਤ ਅਤੇ ਸੰਦੀਪ ਨੂੰ 25 ਅਪ੍ਰੈਲ, 2019 'ਚ ਓਮਾਨ ਇਹ ਕਹਿ ਕੇ ਭੇਜਿਆ ਗਿਆ ਸੀ ਕਿ ਉਨ੍ਹਾਂ ਨੂੰ 18 ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ, ਰੋਟੀ ਪਾਣੀ, ਰਿਹਾਇਸ਼ ਮੁਫ਼ਤ ਹੋਵੇਗੀ ਪਰ ਓਮਾਨ ਪਹੁੰਚਦੇ ਹੀ ਸੰਦੀਪ ਅਤੇ ਸਰਬਜੀਤ ਕੌਰ ਨੂੰ ਮਹਿਲਾ ਏਜੰਟ ਵੱਲੋਂ 3500-3500 ਅਮਰੀਕੀ ਡਾਲਰ 'ਚ ਵੇਚ ਦਿੱਤਾ ਗਿਆ ਜਿੱਥੇ ਉਕਤ ਦੋਵਾਂ ਨੂੰ ਬੰਧਕ ਬਣਾ ਕੇ ਕੰਮ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਹ ਖ਼ੁਲਾਸਾ ਸਰਬਜੀਤ ਅਤੇ ਸੰਦੀਪ ਨੇ ਫੋਨ 'ਤੇ ਖ਼ੁਦ ਕੀਤਾ ਅਤੇ ਜਾਨ ਬਚਾਉਣ ਦੀਆਂ ਮਿੰਨਤਾਂ ਕਰਦੀਆਂ ਨੇ ਵਾਪਸ ਭਾਰਤ ਬੁਲਾਉਣ ਦੇ ਤਰਲੇ ਕੀਤੇ। ਉਨ੍ਹਾਂ ਦੱਸਿਆ ਕਿ ਫੋਨ 'ਤੇ ਉਕਤ ਦੋਵਾਂ ਨੇ ਕਿਹਾ ਕਿ ਦਿਨ ਰਾਤ ਕੰਮ ਕਰਵਾਉਣ ਤੋਂ ਇਲਾਵਾ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ।

ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਮਨਜਿੰਦਰ ਸਿੰਘ ਭੁੱਲਰ ਅਤੇ ਗੁਰਮੀਤ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਦੋਵਾਂ ਮਾਮਲਿਆਂ ਵਿਚ ਕਾਰਵਾਈ ਅਤੇ ਓਮਾਨ 'ਚ ਫਸੀਆਂ ਦੋਵਾਂ ਔਰਤਾਂ ਨੂੰ ਭਾਰਤ ਬੁਲਾਉਣ ਲਈ ਉਨ੍ਹਾਂ ਵੱਲੋਂ ਐੱਸਪੀ ਹੈੱਡਕੁਆਟਰ ਨਾਲ ਮੁਲਾਕਾਤ ਕੀਤੀ ਗਈ ਹੈ, ਜਿਨ੍ਹਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ।