ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਗਿੱਲ ਪਿੰਡ ਦੇ ਸਰਕਾਰੀ ਸਕੂਲ ਵਿੱਚ ਕਾਮਰਸ ਦੀ ਬਾਰ੍ਹਵੀਂ ਦੀ ਵਿਦਿਆਰਥੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਉਸ ਵੇਲੇ ਹੋਰ ਜ਼ਿਆਦਾ ਗਹਿਰਾ ਗਿਆ ,ਜਦੋਂ ਇਸੇ ਸਕੂਲ ਦੀ ਬਾਰ੍ਹਵੀਂ ਦੀ ਆਰਟਸ ਦੀ ਵਿਦਿਆਰਥਣ ਨੇ ਆਪਣੇ ਘਰ ਵਿਚ ਖ਼ੁਦਕੁਸ਼ੀ ਕਰ ਲਈ। ਪੰਜ ਦਿਨਾਂ ਦੇ ਅੰਦਰ ਅੰਦਰ ਇੱਕੋ ਸਕੂਲ ਦੀਆਂ ਦੋ ਵਿਦਿਆਰਥਣਾਂ ਵੱਲੋਂ ਮੌਤ ਨੂੰ ਗਲੇ ਲਗਾਉਣ ਦੇ ਇਸ ਸਨਸਨੀਖੇਜ਼ ਮਾਮਲੇ ਵਿਚ ਐੱਨਜੀਓ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਕੁਝ ਸਵਾਲ ਚੁੱਕਦਿਆਂ ਪੁਲਿਸ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇ ।

ਜਾਣਕਾਰੀ ਦਿੰਦਿਆਂ ਆਰਗੇਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਜਥੇਬੰਦ ਸਕੱਤਰ ਰਵਿੰਦਰ ਸਿੰਘ ਵੜੈਚ ਅਤੇ ਜਨਰਲ ਸੈਕਟਰੀ ਕਮਲ ਸ਼ਰਮਾ ਨੇ ਦੱਸਿਆ ਕਿ ਪਿੰਡ ਸੰਗੋਵਾਲ ਦੀ ਰਹਿਣ ਵਾਲੀ ਆਰਟਸ ਦੀ ਵਿਦਿਆਰਥਣ ਨੇ 16 ਜਨਵਰੀ ਨੂੰ ਆਪਣੇ ਘਰ ਵਿਚ ਖ਼ੁਦਕੁਸ਼ੀ ਕਰ ਲਈ।

ਇਸ ਮਾਮਲੇ ਵਿੱਚ ਲੜਕੀ ਦੇ ਮਾਪਿਆਂ ਨੇ ਪੁਲਿਸ ਨੂੰ ਬਿਨਾਂ ਸੂਚਨਾ ਦਿੱਤੇ ਹੀ ਉਸ ਦਾ ਸਸਕਾਰ ਕਰ ਦਿੱਤਾ।ਇਸ ਮਾਮਲੇ ਸਬੰਧੀ ਆਰਗਨਾਈਜੇਸ਼ਨ ਨੂੰ ਜਿਸ ਤਰ੍ਹਾਂ ਹੀ ਜਾਣਕਾਰੀ ਮਿਲੀ ਉਨ੍ਹਾਂ ਨੇ ਥਾਣਾ ਡੇਹਲੋਂ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਲ ਦੀਆਂ ਵਿਦਿਆਰਥਣਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਡੂੰਘਾਈ ਨਾਲ ਪੜਤਾਲ ਕਰਨ ਦੀ ਗੱਲ ਆਖੀ।ਸਤਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ 16 ਜਨਵਰੀ ਤੋਂ ਪਹਿਲੋਂ 11 ਜਨਵਰੀ ਨੂੰ ਇਸੇ ਸਕੂਲ ਦੀ 12 ਵੀਂ ਦੀ ਕਾਮਰਸ ਦੀ ਵਿਦਿਆਰਥਣ ਨੇ ਕਲਾਸ ਰੂਮ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ । ਸਤਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਦੋਵੇਂ ਵਿਦਿਆਰਥਣਾਂ ਪੜ੍ਹਨ ਵਿੱਚ ਬੇਹੱਦ ਹੁਸ਼ਿਆਰ ਸਨ ਫਿਰ ਵੀ ਲੜਕੀਆਂ ਨੇ ਅਜਿਹਾ ਕਿਉਂ ਕੀਤਾ ਇਸ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ ।

ਖਦਸ਼ਾ ਜ਼ਾਹਿਰ ਕਰਦਿਆਂ ਧਾਲੀਵਾਲ ਨੇ ਅਖਿਆ ਕਿ ਖੁਦਕੁਸ਼ੀਆਂ ਪਿੱਛੇ ਦਿਮਾਗੀ ਪਰੇਸ਼ਾਨੀ ਨਹੀਂ ਕਾਰਨ ਕੁਝ ਹੋਰ ਜਾਪਦੇ ਹਨ । ਉਨ੍ਹਾਂ ਆਖਿਆ ਕਿ ਹੋ ਸਕਦਾ ਹੈ ਇਹ ਖੁਦਕੁਸ਼ੀਆਂ ਨਾ ਹੋ ਕੇ ਮਾਮਲੇ ਕੁਝ ਹੋਰ ਹੀ ਹੋਣ ।ਉਧਰ ਇਸ ਮਾਮਲੇ ਵਿਚ ਥਾਣਾ ਡੇਹਲੋਂ ਦੇ ਇੰਚਾਰਜ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਐਨਜੀਓ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ ਸੀ ।

ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਤਫਤੀਸ਼ ਕੀਤੀ । ਪੜਤਾਲ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਆਰਟਸ ਦੀ ਵਿਦਿਆਰਥਣ ਪੜ੍ਹਾਈ ਦੇ ਬੋਝ ਕਾਰਨ ਬੇਹੱਦ ਪਰੇਸ਼ਾਨ ਸੀ ਜਿਸ ਦੇ ਚਲਦੇ ਉਸ ਨੇ ਅਜਿਹਾ ਕੀਤਾ।

Posted By: Jagjit Singh