ਜੇਐੱਨਐੱਨ, ਲੁਧਿਆਣਾ : ਟਰਾਂਸਪੋਰਟ ਨਗਰ ਟੀ ਪੁਆਇੰਟ ਪੁਲ ਉਪਰ ਇਕ ਤੇਜ਼ ਰਫ਼ਤਾਰ ਟਰੱਕ ਨੇ ਬਾਈਕ ਸਵਾਰ ਔਰਤ ਤੇ ਵਿਅਕਤੀ ਨੂੰ ਕੁਚਲ ਦਿੱਤਾ, ਜਿਸ 'ਚ ਦੋਵਾਂ ਦੀ ਮੌਤ ਹੋ ਗਈ। ਰਾਹਗੀਰਾਂ ਨੇ ਘਟਨਾ ਦੀ ਜਾਣਕਾਰੀ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿ੍ਤਕਾਂ ਦੀ ਪਛਾਣ ਇਮਰਾਨਾ ਖਾਤੂਨ (40) ਤੇ ਮੁਹੰਮਦ ਰਾਸ਼ਿਦ (45) ਵਜੋਂ ਹੋਈ ਹੈ। ਇਹ ਮਾਮਲਾ ਪੁਲਿਸ ਨੇ ਕ੍ਰਿਸ਼ਨਾ ਕਾਲੋਨੀ ਵਾਸੀ ਗਈਜੁਰ ਅਹਿਮਦ ਦੇ ਬਿਆਨਾਂ 'ਤੇ ਦਰਜ ਕੀਤਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਮੁਹੰਮਦ ਰਾਸ਼ਿਦ ਉਸ ਦਾ ਸਾਂਢੂ ਹੈ। ਉਹ ਸ਼ੁੱਕਰਵਾਰ ਨੂੰ ਉਸ ਦੀ ਪਤਨੀ ਇਮਰਾਨਾ ਖਾਤੂਨ ਨੂੰ ਬਾਈਕ 'ਤੇ ਸਹਾਰਨਪੁਰ ਤੋਂ ਲੁਧਿਆਣਾ ਛੱਡਣ ਆ ਰਿਹਾ ਸੀ।

ਜਦੋਂ ਉਹ ਟਰਾਂਸਪੋਰਟ ਨਗਰ ਉੱਪਰੋਂ ਲੰਘਦੇ ਪੁਲ 'ਤੇ ਸਨ ਤਾਂ ਉਥੇ ਉੁਨ੍ਹਾਂ ਨੂੰ ਇਕ ਤੇਜ਼ ਰਫ਼ਤਾਰ ਟਰੱਕ ਨੇ ਆਪਣੀ ਲਪੇਟ 'ਚ ਲੈ ਲਿਆ। ਹਾਦਸੇ 'ਚ ਦੋਵਾਂ ਦੀ ਮੌਤ ਹੋ ਗਈ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।