ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਛੋਟੀ ਹੈਬੋਵਾਲ ਗਲੀ ਨੰਬਰ 6 'ਚ ਪੈਂਦੀ ਬਾਬਾ ਮਾਰਕਿਟ ਦੀਆਂ 2 ਕੱਪੜਾ ਫੈਕਟਰੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਚੋਰ ਇਕ ਫੈਕਟਰੀ 'ਚੋਂ ਨਕਦੀ ਤੇ ਕੀਮਤੀ ਕੱਪੜਾ ਚੋਰੀ ਕਰ ਕੇ ਲੈ ਗਏ। ਜਾਣਕਾਰੀ ਮਿਲਦੇ ਹੀ ਥਾਣਾ ਪੀਏਯੂ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਕੇਸ ਦੀ ਪੜਤਾਲ ਸ਼ੁਰੂ ਕੀਤੀ।

ਜਾਣਕਾਰੀ ਮੁਤਾਬਕ ਬੀਤੀ ਰਾਤ ਡੇਢ ਵਜੇ ਦੇ ਕਰੀਬ ਚੋਰਾਂ ਨੇ ਵਿਜੈ ਰਤਨ ਇੰਟਰਪ੍ਰਰਾਈਜਜ਼ ਤੇ ਐੱਮਐੱਸਐੱਨ ਕਲੋਦਿੰਗ ਐਂਡ ਟ੍ਰੇਡ ਕੰਪਨੀ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਵਿਜੇ ਰਤਨ ਇੰਟਰਪ੍ਰਰਾਈਜਜ਼ ਕੰਪਨੀ ਦੇ ਤਾਲੇ ਤੋੜ ਕੇ ਅੰਦਰੋਂ ਗੱਲਾ ਤੋੜਿਆ ਤੇ ਗੱਲੇ 'ਚੋਂ 50 ਹਜ਼ਾਰ ਦੀ ਨਕਦੀ ਤੇ ਫੈਕਟਰੀ 'ਚ ਪਿਆ 20 ਹਜ਼ਾਰ ਦੀ ਕੀਮਤ ਦਾ ਕੱਪੜਾ ਚੋਰੀ ਕਰ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਨੇ ਵਿਜੇ ਰਤਨ ਫੈਕਟਰੀ ਦੇ ਸਾਹਮਣੇ ਪੈਂਦੀ ਐੱਮਐੱਸਐੱਨ ਕੱਪੜਾ ਫੈਕਟਰੀ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ। ਤਾਲੇ ਤੋੜਨ 'ਚ ਅਸਫਲ ਰਹੇ ਚੋਰ ਮੌਕੇ ਤੋਂ ਫ਼ਰਾਰ ਹੋ ਗਏ। ਅਗਲੇ ਦਿਨ ਸਵੇਰੇ ਫੈਕਟਰੀਆਂ ਦੇ ਮਾਲਕ ਜਿਵੇਂ ਹੀ ਪੁੱਜੇ ਤਾਂ ਉਨ੍ਹਾਂ ਨੂੰ ਵਾਰਦਾਤ ਬਾਰੇ ਪਤਾ ਲੱਗਿਆ। ਇਸ ਮਾਮਲੇ 'ਚ ਥਾਣਾ ਪੀਏਯੂ ਦੀ ਪੁਲਿਸ ਨੇ ਵਿਜੇ ਰਤਨ ਫੈਕਟਰੀ ਦੇ ਮਾਲਕ ਰਿਤੇਸ਼ ਜੈਨ ਦੇ ਬਿਆਨ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ।

-ਸੀਸੀਟੀਵੀ 'ਚ ਕੈਦ ਹੋਈਆਂ ਇਕ ਚੋਰ ਦੀਆਂ ਤਸਵੀਰਾਂ

ਪੁਲਿਸ ਨੇ ਜਦ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਰਾਤ ਡੇਢ ਵਜੇ ਦੇ ਕਰੀਬ ਤਾਲੇ ਤੋੜ ਕੇ ਫੈਕਟਰੀ 'ਚ ਦਾਖ਼ਲ ਹੁੰਦਾ ਇਕ ਚੋਰ ਦਿਖਾਈ ਦਿੱਤਾ। ਥਾਣਾ ਪੀਏਯੂ ਦੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ 'ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।