ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋ ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜੋ ਨਸ਼ੇ ਦੀ ਪੂਰਤੀ ਲਈ ਲੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਪੁਲਿਸ ਮੁਤਾਬਕ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਬੰਦਾ ਬਹਾਦਰ ਨਗਰ ਬਹਾਦਰ ਕੇ ਰੋਡ ਦੇ ਰਹਿਣ ਵਾਲੇ ਜਤਿਨ ਕੁਮਾਰ ਉਰਫ਼ ਜਿੰਮੀ ਤੇ ਅਸ਼ੋਕ ਨਗਰ ਸਲੇਮ ਟਾਬਰੀ ਵਾਸੀ ਅਜੇ ਕੁਮਾਰ ਉਰਫ਼ ਅਜੇ ਦੇ ਰੂਪ ਵਿਚ ਹੋਈ ਹੈ ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਿਥੋਂ ਪੁੱਛਗਿੱਛ ਲਈ ਉਨ੍ਹਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।

ਕ੍ਰਾਈਮ ਬ੍ਰਾਂਚ ਦੇ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਕੁਝ ਸਾਲਾਂ ਤੋਂ ਦੋਵੇਂ ਨੌਜਵਾਨ ਨਸ਼ੇ ਦੀ ਗਿ੍ਫ਼ਤ ਵਿਚ ਫਸ ਗਏ ਸਨ। ਮਹਿੰਗੇ ਨਸ਼ੇ ਦੀ ਪੂਰਤੀ ਲਈ ਉਹ ਪਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਕੋਲੋਂ ਮੋਬਾਈਲ ਫੋਨ ਤੇ ਨਕਦੀ ਲੁੱਟਣ ਲੱਗ ਪਏ। ਰਾਤ ਸਮੇਂ ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੁੰਦੇ ਤੇ ਪਰਵਾਸੀਆਂ ਕੋਲੋਂ ਮੋਬਾਈਲ ਫੋਨ ਲੁੱਟ ਕੇ ਆਪਣੇ ਨਸ਼ੇ ਦੀ ਪੂਰਤੀ ਕਰਦੇ। ਪਿਛਲੇ ਕੁਝ ਸਮੇਂ ਵਿਚ ਮੁਲਜ਼ਮਾਂ ਨੇ ਸਲੇਮਟਾਬਰੀ ਤੇ ਦਰੇਸੀ ਦੇ ਨਾਲ ਲੱਗਦੇ ਇਲਾਕਿਆਂ ਵਿਚ ਸੱਤ ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਲੁੱਟੇ ਗਏ ਮੋਬਾਈਲ ਫੋਨ ਵੇਚਣ ਲਈ ਜਾ ਰਹੇ ਹਨ। ਸੂਚਨਾ ਤੋਂ ਬਾਅਦ ਪੁਲਿਸ ਨੇ ਦਰੇਸੀ ਦੇ ਇਲਾਕੇ ਵਿਚ ਨਾਕਾਬੰਦੀ ਕਰ ਕੇ ਮੋਟਰਸਾਈਕਲ ਸਵਾਰ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ। ਪੁਲਿਸ ਨੇ ਜਦ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਉਹ ਕੁਝ ਹੀ ਸਮੇਂ ਵਿਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ 'ਚੋਂ ਵੱਖ-ਵੱਖ ਥਾਵਾਂ ਤੋਂ ਲੁੱਟੇ ਗਏ ਸੱਤ ਮੋਬਾਈਲ ਬਰਾਮਦ ਹੋਏ। ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਜਤਿਨ ਕੁਮਾਰ ਖ਼ਿਲਾਫ਼ ਦੋ ਸਾਲ ਪਹਿਲਾਂ ਲੁੱਟ ਖੋਹ ਦਾ ਮੁਕੱਦਮਾ ਦਰਜ ਹੋਇਆ ਸੀ ਜੇਲ੍ਹ 'ਚੋਂ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਮੁਲਜ਼ਮ ਨੇ ਆਪਣੇ ਸਾਥੀ ਅਜੇ ਨਾਲ ਮਿਲ ਕੇ ਫਿਰ ਤੋਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਪੁਲਿਸ ਮੁਲਜ਼ਮਾਂ ਕੋਲੋਂ ਰਿਮਾਂਡ ਦੌਰਾਨ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਦੌਰਾਨੇ ਪੁੱਛ ਕੇ ਕਈ ਖੁਲਾਸੇ ਹੋ ਸਕਦੇ ਹਨ।