ਸੰਜੀਵ ਗੁਪਤਾ, ਜਗਰਾਓਂ

ਜਗਰਾਓਂ ਦੇ ਇਕ ਪ੍ਰਰਾਈਵੇਟ ਬੈਂਕ ਦੇ ਏਟੀਐੱਮ ਨੂੰ ਭੰਨ ਕੇ ਲੁੱਟਣ ਦੀ ਅਸਫਲ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਜਗਰਾਓਂ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਤੜਕਸਾਰ ਕਰੀਬ 2:51 ਵਜੇ ਜਗਰਾਓਂ ਦੇ ਪੁਰਾਣਾ ਅੱਡਾ ਰਾਏਕੋਟ ਚੌਕ ਤੋਂ ਫਿਲੀ ਗੇਟ ਬਾਜ਼ਾਰ ਨੂੰ ਜਾਂਦੇ ਰਾਹ 'ਤੇ ਲੱਗੇ ਐਕਸਿਸ ਬੈਂਕ ਦੇ ਏਟੀਐੱਮ 'ਚ ਦੋ ਨੌਜਵਾਨ ਦਾਖਲ ਹੋਏ, ਜਿਨ੍ਹਾਂ ਨੇ ਕੁਝ ਹੀ ਸਮੇਂ 'ਚ ਏਟੀਐੱਮ ਭੰਨ ਲਿਆ ਪਰ ਕੁਝ ਮਿੰਟਾਂ ਬਾਅਦ ਹੀ ਉਹ ਏਟੀਐੱਮ ਦੇ ਨਕਦੀ ਵਾਲੇ ਖਾਣੇ ਨੂੰ ਖੋਲਣ ਦੀ ਬਜਾਏ ਭੱਜ ਨਿਕਲੇ। ਦਿਨ ਚੜ੍ਹਦੇ ਹੀ ਲੋਕਾਂ ਨੇ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਮੌਕੇ 'ਤੇ ਜਗਰਾਓਂ ਦੇ ਡੀਐੱਸਪੀ ਗੁਰਦੀਪ ਸਿੰਘ ਗੋਸਲ, ਡੀਐੱਸਪੀ ਡੀ ਦਿਲਬਾਗ ਸਿੰਘ, ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਨਿਧਾਨ ਸਿੰਘ, ਐਂਟੀ ਨਾਰਕੌਟਿਕ ਸੈੱਲ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜੀ। ਪੁਲਿਸ ਪਾਰਟੀ ਇਸ ਮਾਮਲੇ 'ਚ ਜਿੱਥੇ ਏਟੀਐਮ 'ਚ ਲੱਗੇ ਸੀਸੀਟੀਵੀ ਫੁਟੇਜ਼ ਬੈਂਕ ਤੋਂ ਮੰਗਵਾਏ ਜਾ ਰਹੇ ਹਨ, ਉਥੇ ਆਸ ਪਾਸ ਲੱਗੇ ਸੀਸੀਟੀਵੀ ਫੁਟੇਜ਼ ਵੀ ਪੁਲਿਸ ਖੰਗਾਲ ਰਹੀ ਹੈ। ਇਸ ਸਬੰਧੀ ਐੱਸਐੱਚਓ ਨਿਧਾਨ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਦੋਸ਼ੀ ਏਟੀਐੱਮ ਭੰਨ ਰਹੇ ਸਨ, ਉਸੇ ਦੌਰਾਨ ਈਓ ਵਿੰਗ ਦੇ ਡੀਐੱਸਪੀ ਬਿ੍ਜ ਮੋਹਨ ਪੀਸੀਆਰ ਫੋਰਸ ਦੀ ਚੈਕਿੰਗ ਕਰ ਰਹੇ ਸਨ। ਸ਼ੱਕ ਹੈ ਕਿ ਇਸੇ ਦੌਰਾਨ ਪੀਸੀਆਰ ਟੀਮਾਂ ਦੇ ਹੂਟਰ ਸੁਣ ਕੇ ਉਕਤ ਵਿਅਕਤੀ ਭੱਜ ਨਿਕਲੇ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕੋਈ ਨਕਦੀ ਚੋਰੀ ਨਹੀਂ ਹੋਈ।