ਕੁਲਵਿੰਦਰ ਸਿੰਘ ਰਾਏ, ਖੰਨਾ : ਸੰਸਾਰ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅਨਾਜ ਮੰਡੀ ਖੰਨਾ ਵਿਚ ਕਰਵਾਇਆ ਗਿਆ। ਸਮਾਗਮ ਦੀ ਅਰੰਭਤਾ ਗੁਰਬਾਣੀ ਕੀਰਤਨ ਨਾਲ ਹੋਈ। ਭਾਈ ਓਕਾਂਰ ਸਿੰਘ, ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਤੇ ਹੋਰ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ।

ਇਸ ਮੌਕੇ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਕੀਤੀ। ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮਰਹੂਮ ਸਰਦੂਲ ਸਿਕੰਦਰ ਦੀ ਅੰਤਮ ਅਰਦਾਸ ਪਿੱਛੋਂ ਸੂਬਾ ਸਰਕਾਰ ਦੀ ਤਰਫ਼ੋਂ ਕਿਹਾ ਕਿ ਗਾਇਕ ਸਰਦੂਲ ਸਿਕੰਦਰ ਦੇ ਘਰ ਪਿੰਡ ਬੂਲੇਪੁਰ (ਖੰਨਾ) ਨੂੰ ਜਾਣ ਵਾਲੀ ਸੜਕ ਦਾ ਨਾਂ ਸਰਦੂਲ ਸਿਕੰਦਰ ਮਾਰਗ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮਰਹੂਮ ਦੀ ਯਾਦਗਾਰ ਬਣਾਉਣਾ ਤੇ ਹੋਰ ਕਾਰਜ ਪਰਿਵਾਰ ਦੀ ਸਲਾਹ ਮੁਤਾਬਕ ਕੀਤੇ ਜਾਣਗੇ।

ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸਰਦੂਲ ਸਿਰਫ਼ ਸੁਰਾਂ ਦੇ ਸਿਕੰਦਰ ਨਹੀਂ ਸਗੋਂ ਸੁਰਾਂ ਦੇ ਵਿਗਿਆਨੀ ਸਨ। ਗਾਇਕ ਸੁਰਿੰਦਰ ਛਿੰਦਾ ਨੇ ਕਿਹਾ ਕਿ ਸਰਦੂਲ ਸਿਕੰਦਰ ਨੇ ਗਾਇਕੀ ਦੀਆਂ ਸਿਖਰਾਂ ਨੂੰ ਛੂਹਿਆ ਤੇ ਨਵੇਂ ਕਲਾਕਾਰਾਂ ਨੂੰ ਸੇਧ ਦਿੱਤੀ। ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਸਰਦੂਲ ਸਿਕੰਦਰ ਨੇ ਸ਼ੁਹਰਤ ਦਾ ਵੱਡਾ ਮੁਕਾਮ ਹਾਸਿਲ ਕੀਤਾ ਹੈ।

ਇਸ ਦੌਰਾਨ ਉਸਤਾਦ ਪੂਰਨ ਚੰਦ ਵਡਾਲੀ ਭਾਵੁਕ ਹੋ ਗਏ ਤੇ ਸੰਗੀਤਕਾਰ ਸੰਜੀਵ ਅਨੰਦ ਹੰਝੂ ਨਾ ਰੋਕ ਸਕੇ। ਇਸ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਗੋਲਡਨ ਸਟਾਰ ਮਲਕੀਤ ਸਿੰਘ, ਜਸਵੀਰ ਜੱਸੀ, ਰਣਜੀਤ ਬਾਵਾ, ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਨਾਮਵਰ ਗੀਤਕਾਰ ਬਾਬੂ ਸਿੰਘ ਮਾਨ, ਦਵਿੰਦਰ ਖੰਨੇਵਾਲਾ, ਗੁਲਸ਼ਨ ਕੋਮਲ, ਸਤਵਿੰਦਰ ਬੁੱਗਾ, ਦੁਰਗਾ ਰੰਗੀਲਾ, ਪੰਮੀ ਬਾਈ, ਸਰਬਜੀਤ ਚੀਮਾ, ਸੁਰਜੀਤ ਪਾਤਰ, ਪ੍ਰੋ. ਨਿਰਮਲ ਸਿੰਘ ਜੌੜਾ, ਬਿੰਨੂ ਢਿੱਲੋਂ, ਬੂਟਾ ਮੁਹੰਮਦ, ਜੱਸ ਬਾਜਵਾ, ਰਾਮ ਸਿੰਘ ਅਲਬੇਲਾ, ਹਾਕਮ ਬਖ਼ਤੜੀਵਾਲਾ, ਪਾਲੀ ਦੇਤਵਾਲੀਆ, ਬਿੱਟੂ ਖੰਨੇਵਾਲਾ, ਇੰਦਰਜੀਤ ਨਿੱਕੂ, ਮੀਕਾ ਸਿੰਘ, ਰਵਿੰਦਰ ਗਰੇਵਾਲ, ਬਲਕਾਰ ਸਿੱਧੂ, ਗੀਤਕਾਰ ਸ਼ਫੀ ਜਲਵੇੜਾ, ਕੁਲਵਿੰਦਰ ਕੈਲੀ, ਮਾਸਟਰ ਸਲੀਮ, ਗੀਤਕਾਰ ਭੱਟੀ ਭੜੀ ਵਾਲਾ, ਹਰਜਿੰਦਰ ਬੱਲ, ਕੁਲਵਿੰਦਰ ਬਿੱਲਾ, ਜਸਵੰਤ ਸੰਦੀਲਾ, ਕਰਮਾ ਟੌਪਰ, ਤਜਿੰਦਰ ਸੋਨੀ ਰੌਣੀ, ਹਰਪ੍ਰੀਤ ਮਾਂਗਟ, ਕਰਨ ਔਜਲਾ, ਬਲਵੀਰ ਸਿੰਘ, ਸਤਵਿੰਦਰ ਬਿੱਟੀ, ਕੁਲਵੰਤ ਬਿੱਲਾ, ਸਾਗਰ ਬਰਨ, ਹਰਜੀਤ ਰਾਣੋਂ, ਸੁਦਾਗਰ ਸਿੰਘ ਧਨੌਆ, ਦੂਰਦਰਸ਼ਨ ਤੋਂ ਪੁਨੀਤ ਸਹਿਗਲ, ਹਰਦੇਵ ਸਿੰਘ ਰੋਸ਼ਾ, ਹਰਬੰਸ ਸਿੰਘ ਰੋਸ਼ਾ, ਰੁਪਿੰਦਰ ਸਿੰਘ ਰਾਜਾ ਗਿੱਲ, ਯਾਦਵਿੰਦਰ ਸਿੰਘ ਲਿਬੜਾ, ਵਕੀਲ ਜਸਪ੍ਰੀਤ ਸਿੰਘ ਕਲਾਲਮਾਜਰਾ, ਡਾ. ਗੁਰਮੁੱਖ ਸਿੰਘ ਚਾਹਲ, ਪਾਲੀ ਮਾਂਗਟ, ਰਾਜਵੀਰ ਸਿੰਘ ਲਿਬੜਾ, ਬਲਵੀਰ ਰਾਏ ਹਾਜਰ ਸਨ। ਸੰਗੀਤਕਾਰ ਚਰਨਜੀਤ ਅਹੂਜਾ ਨੇ ਹਾਜ਼ਰੀਨ ਦਾ ਸ਼ੁਕਰੀਆ ਅਦਾ ਕੀਤਾ।

Posted By: Sarabjeet Kaur