ਅਮਨਪ੍ਰਰੀਤ ਸਿੰਘ ਚੌਹਾਨ, ਲੁਧਿਆਣਾ

ਮਹਾਨਗਰ ਦੀਆਂ ਸੜਕਾਂ 'ਤੇ ਚੱਲ ਰਹੇ ਵਾਹਨਾਂ ਤੇ ਫੈਕਟਰੀਆਂ 'ਚੋਂ ਨਿਕਲਣ ਵਾਲੇ ਧੂੰਏਂ ਤੋਂ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਾਸਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਤੋਂ ਇਲਾਵਾ ਹੋਰ ਵੀ ਲੋਕ ਬੂਟੇ ਲਗਾਉਣ ਦੇ ਉਪਰਾਲੇ ਕਰ ਰਹੇ ਹਨ। ਜਿਸ ਦੇ ਤਹਿਤ ਟਰਾਂਸਪੋਰਟ ਵਿਭਾਗ ਦੇ ਅਧੀਨ ਪੈਂਦੇ ਜ਼ਿਲ੍ਹਾ ਆਰਟੀਏ ਦਫਤਰ ਵਿੱਚ ਤੈਨਾਤ ਅਸਿਸਟੈਂਟ ਟਰਾਂਸਪੋਰਟ ਅਫਸਰ ਅਮਰੀਕ ਸਿੰਘ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਕਾਰਨ ਸਿਵਲ ਲਾਈਨ ਵਿਖੇ ਬਣੇ ਐੱਸਸੀਡੀ ਕਾਲਜ 'ਚ ਆਟੋਮੇਟਡ ਡਰਾਈਵ ਟੈਸਟ ਸੈਂਟਰ 'ਤੇ ਪਈ ਕੱਚੀ ਥਾਂ 'ਚ ਬੂਟੇ ਲਗਾਏ ਗਏ।

ਏਟੀਓ ਨੇ ਕਿਹਾ ਕਿ ਸ਼ਹਿਰ 'ਚ ਫੈਲ ਚੁੱਕੇ ਪ੍ਰਦੂਸ਼ਣ ਤੋਂ ਮੁਕਤ ਹੋਣ ਵਾਸਤੇ ਤੇ ਭਵਿੱਖ ਦੀ ਨਵੀਂ ਪੀੜ੍ਹੀ ਨੂੰ ਇਸ ਧੂੰਏਂ ਤੋਂ ਫੈਲਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਵਾਸਤੇ ਹਰ ਇੱਕ ਮਨੁੱਖ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਬੂਟਿਆਂ ਤੋਂ ਬਣੇ ਦਰੱਖਤਾਂ ਦੀਆਂ ਛਾਵਾਂ ਅਤੇ ਇਸ ਤੋਂ ਨਿਕਲਣ ਵਾਲੀ ਆਕਸੀਜਨ ਨਾਲ ਸਾਫ ਸੁਥਰੀ ਹਵਾ ਨਾਲ ਵਾਤਾਵਰਣ ਸ਼ੁੱਧ ਹੋ ਸਕੇ। ਉਨ੍ਹਾਂ ਕਿਹਾ ਕਿ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ ਜਾਣ ਵਾਲੀਆਂ ਸੜਕਾਂ ਦੇ ਨਾਲ ਲੱਗੇ ਹੋਏ ਰੁੱਖ ਕੱਟਣ ਤੇ ਬਣੇ ਲੰਬੇ ਫਲਾਈਓਵਰ ਪੁਲਾਂ ਕੋਲ ਕਿਸੇ ਤਰ੍ਹਾਂ ਸ਼ੈੱਡ ਨਾ ਪਾਏ ਨਾਲ ਗਰਮੀ ਦੇ ਮੌਸਮ 'ਚ ਕੜਕਦੀ ਧੁੱਪ 'ਚ ਕਿਸੇ ਵੀ ਵਿਅਕਤੀ ਨੂੰ ਛਾਂ ਦਾ ਸਹਾਰਾ ਨਹੀਂ ਮਿਲਦਾ। ਇਸ ਲਈ ਹਰ ਇਕ ਵਿਅਕਤੀ ਨੂੰ ਇਸ ਨੂੰ ਗੰਭੀਰਤਾ ਨਾਲ ਸੋਚਦੇ ਹੋਏ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਜਿਲ੍ਹਾ ਸਕੂਲ ਬੱਸ ਅਪਰੇਟਰ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ (ਰਿੰਪੀ), ਰਾਮ ਸਿੰਘ, ਸੰਤੋਖ ਸਿੰਘ, ਦਵਿੰਦਰ ਸਿੰਘ, ਮਿੰਟੂ ਸਿੰਘ, ਤਜਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਰਹੇ।