ਭੁਪਿੰਦਰ ਸਿੰਘ ਬਸਰਾ, ਲੁਧਿਆਣਾ

ਵਾਤਾਵਰਨ ਸੰਭਾਲ ਮੁਹਿੰਮ ਤਹਿਤ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੇ ਵਿਸ਼ੇਸ਼ ਉਪਰਾਲੇ ਤਹਿਤ ਲੁੁਧਿਆਣਾ ਸ਼ਹਿਰ ਵਿਚਾਲੇ ਗੁੱਜਰ ਰਹੇ ਬੁੱਢੇ ਨਾਲੇ ਜਿਸ ਨੂੰ ਕਦੇ ਬੁੱਢਾ ਦਰਿਆ ਕਿਹਾ ਜਾਂਦਾ ਸੀ, ਨੂੰ ਹਰਿਆ ਭਰਿਆ ਬਣਾਉਣ ਲਈ ਇਸ ਦੇ ਦੋਹਾਂ ਪਾਸੇ ਫਲਾਂ ਤੇ ਅੌਸ਼ਧੀ ਗੁਣਾਂ ਵਾਲੇ ਬੂਟੇ ਲਗਾਏ ਜਾਣ ਦੀ ਸੋਮਵਾਰ ਨੂੰ ਸ਼ੁਰੂਆਤ ਹੋਈ, ਜਿਸ ਵਿਚ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ, ਚੇਅਰਮੈਨ ਗਰੀਨ ਟਿ੍ਬਿਊਨਲ ਪੰਜਾਬ ਜਸਟਿਸ ਜਸਬੀਰ ਸਿੰਘ (ਸੇਵਾਮੁਕਤ), ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ, ਜਥੇਦਾਰ ਪਿ੍ਰਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਸਮੇਤ ਕਈ ਸਖਸ਼ੀਅਤਾਂ ਹਾਜ਼ਰ ਸਨ।

ਲੰਬੇ ਸਮੇਂ ਤੋਂ ਬੁੱਢੇ ਨਾਲੇ ਨੂੰ ਹਰਿਆ-ਭਰਿਆ ਬਣਾਉਣ ਲਈ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੇ ਇਸ ਉਪਰਾਲੇ ਨਾਲ ਬੁੱਢੇ ਨਾਲੇ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਵਿਚ ਇਸ ਨਵੀਂ ਉਮੀਦ ਜਾਗੀ ਹੈ। ਇਸ ਮੌਕੇ ਬਾਬਾ ਸੇਵਾ ਸਿੰਘ ਨੇ ਗੱਲਬਾਤ ਕਰਦਿਆ ਦਸਿਆ ਕਿ ਉਨ੍ਹਾਂ ਵੱਲੋਂ ਵਾਤਾਵਰਨ ਸੰਭਾਲ ਮੁਹਿੰਮ ਦੀ ਸ਼ੁਰੂਆਤ ਗੁਰੂ ਅੰਗਦ ਦੇਵ ਜੀ ਦੇ 500 ਸਾਲਾਂ ਪ੍ਰਕਾਸ਼ ਪੁਰਬ ਉਪਰ 1999 ਨੂੰ ਕੀਤੀ ਸੀ, ਜਿਸ ਤਹਿਤ ਉਨ੍ਹਾਂ ਵੱਲੋਂ ਹੁਣ ਤਕ ਪੰਜਾਬ, ਰਾਜਸਥਾਨ, ਐੱਮਪੀ, ਮੁੰਬਈ ਆਦਿ ਤਕ 300 ਕਿਲੋਮੀਟਰ ਸੜਕਾਂ ਦੇ ਦੁਆਲੇ ਬੁਟੇ ਲਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਜਨਤਕ ਥਾਵਾਂ 'ਤੇ 5 ਲੱਖ ਤੋਂ ਵਧੇਰੇ ਬੁਟੇ ਲਗਾਏ ਜਾ ਚੁੱਕੇ ਹਨ। ਲੁਧਿਆਣਾ ਬੁੱਢਾ ਨਾਲਾ ਦੇ ਦੁਆਲੇ ਉਨ੍ਹਾਂ ਵੱਲੋਂ ਤਾਜਪੁਰ ਰੋਡ ਤੋਂ ਸ਼ੁਰੂ ਹੋ ਕੇ 14 ਕਿਲੋਮੀਟਰ ਤਕ ਬੁੱਢੇ ਨਾਲੇ ਦੇ ਦੋਹਾਂ ਪਾਸੇ 13 ਕਿਸਮਾਂ ਦੇ ਫਲਦਾਰ ਤੇ ਅੌਸ਼ਧੀ ਗੁਣਾਂ ਵਾਲੇ ਬੂਟੇ ਲਗਾਏ ਜਾ ਰਹੇ ਹਨ। ਇਨ੍ਹਾਂ ਵਿਚ 13-13 ਤਿ੍ਵੇਣੀ ਤੇ ਤਿ੍ਫਲਾਂ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬੂਟਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਲੇ ਹੋਏ ਭਾਵ ਵੱਡੇ ਬੂਟੇ ਲਗਾਏ ਜਾਣਗੇ ਜਿਨ੍ਹਾਂ ਦੇ ਸੁੱਕਣ ਜਾਂ ਟੁੱਟਣ ਦਾ ਖਤਰਾ ਬਹੁਤ ਘੱਟ ਹੋਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਮੁਹਿੰਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਚਨਬੱਧਤਾ ਨਾਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਾਫ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਸੂਬਾ ਸਿਰਜਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਉਤਸ਼ਾਹਤ ਕੀਤਾ ਜਾ ਸਕੇ। ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਇਹ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਬੂਟੇ ਲਗਾ ਕੇ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਵਧੀਆ ਭਵਿੱਖ ਦੇਣ ਲਈ ਵਾਤਾਵਰਣ ਦੀ ਰੱਖਿਆ ਕਰੇ। ਉਨ੍ਹਾਂ ਕਿਹਾ ਕਿ ਨਿਗਮ ਬੂਟਿਆਂ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਲੋੜੀਂਦਾ ਸਟਾਫ ਨਿਯੁਕਤ ਕਰੇਗਾ।

ਬੂਟੇ ਲਾਉਣਾ ਸ਼ਲਾਘਾਯੋਗ ਉਪਰਾਲਾ : ਪਿ੍ਰਤਪਾਲ ਸਿੰਘ

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਪਿ੍ਰਤਪਾਲ ਸਿੰਘ ਇਸ ਮੌਕੇ ਉਚੇਚੇ ਤੋਰ 'ਤੇ ਹਾਜ਼ਰ ਸਨ। ਉਨ੍ਹਾਂ ਨੇ ਗੱਲਬਾਤ ਕਰਦਿਆ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਮੌਜੂਦਾ ਸਮੇਂ ਵਿਚ ਵਾਤਾਵਰਣ ਨੂੰ ਸੰਭਾਲਣ ਦੀ ਬਹੁਤ ਲੋੜ ਹੈ। ਸਵੱਛ ਵਾਤਾਵਰਣ ਹੀ ਸਿਹਤਮੰਦ ਜੀਵਨ ਪ੍ਰਦਾਨ ਕਰਦਾ ਹੈ।

ਬੁੱਢੇ ਨਾਲੇ ਨੂੰ ਦੁਸ਼ਿਤ ਕਰਨ ਵਾਲਿਆਂ ਖਿਲਾਫ ਕਾਨੂੰਨ ਮੁਤਾਬਿਕ ਹੋਵੇਗੀ ਕਾਰਵਾਈ : ਜਸਟਿਸ ਜਸਬੀਰ ਸਿੰਘ

ਬੁੱਢੇ ਨਾਲੇ ਦੇ ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਦੀ ਕੀਤੀ ਜਾ ਰਹੀ ਇਸ ਸ਼ੁਰੂਆਤ ਮੌਕੇ ਉਚੇਚੇ ਤੋਰ ਤੇ ਪਹੁੰਚੇ ਚੇਅਰਮੈਨ ਗਰੀਨ ਟਿ੍ਬਿਊਨਲ ਮੋਨੀਟਰਿੰਗ ਕਮੇਟੀ ਜਸਟਿਸ ਜਸਬੀਰ ਸਿੰਘ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਬੁੱਢਾ ਦਰਿਆ ਬੇਸ਼ਕ ਕਿਸੇ ਵੇਲੇ ਬੁੱਢ ਦਰਿਆ ਹੁੰਦਾ ਸੀ, ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਸਮੇਂ ਸਮੇਂ ਸਿਰ ਇਸ ਦੇ ਸੁੰਦਰੀਕਰਨ ਲਈ ਉਪਰਾਲੇ ਕੀਤੇ ਜਾਂਦੇ ਰਹੇ ਹਨ। ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦਾ ਇਸ ਮੁਹਿੰਮ ਨਾਲ ਜੁੜਨਾ ਇਸ ਸ਼ੁੰਭ ਸੰਕੇਤ ਹੈ। ਉਨ੍ਹਾਂ ਬੁੱਢੇ ਨਾਲੇ ਨੂੰ ਦੂਸ਼ਿਤ ਕੀਤੇ ਜਾਣ ਦੇ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਬੁੱਢਾ ਨਾਲਾ ਨੂੰ ਦੂਸ਼ਿਤ ਕਰਨ ਵਾਲਿਆਂ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦਾ ਇਸ ਵਿਚ ਸਹਿਯੋਗ ਬਹੁਤ ਜਰੂਰੀ ਹੈ। ਜਸਟਿਸ ਜਸਬੀਰ ਸਿੰਘ(ਸੇਵਾਮੁਕਤ) ਵੱਲੋਂ ਬਾਬਾ ਸੇਵਾ ਸਿੰਘ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸੂਬੇ ਨੂੰ ਸਵੱਛ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਬੂਟੇ ਲਗਾ ਕੇ ਵਾਤਾਵਰਣ ਦੀ ਰੱਖਿਆ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਐੱਨਜੀਟੀ ਵਾਤਾਵਰਨ ਦੀ ਰਾਖੀ ਦਾ ਕੰਮ ਪਹਿਲਾਂ ਹੀ ਕਰ ਰਹੀ ਹੈ ਪਰ ਹੁਣ ਲੋਕਾਂ ਨੂੰ ਅੱਗੇ ਆ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਇਸ ਨੇਕ ਕੰਮ ਵਿਚ ਸ਼ਾਮਲ ਹੋਣ ਦੀ ਲੋੜ ਹੈ।