ਸੁਖਦੇਵ ਸਿੰਘ, ਲੁਧਿਆਣਾ : ਕੁੰਦਨ ਵਿੱਦਿਆ ਮੰਦਰ ਸਕੂਲ, ਸਿਵਲ ਲਾਈਨਜ਼ 'ਚ ਟ੍ਰੈਫਿਕ ਪੁਲਿਸ ਵੱਲੋਂ ਵਿਦਿਆਰਥੀਆਂ ਲਈ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਏਸੀਪੀ (ਟ੍ਰੈਫਿਕ ਪੁਲਿਸ) ਰਾਜਨ ਸ਼ਰਮਾ ਨੇ ਹਾਜ਼ਰੀ ਭਰਦਿਆਂ ਵਿਦਿਆਰਥੀਆਂ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ। ਸ਼ਰਮਾ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਵਿਸ਼ਵ ਪੱਧਰ 'ਤੇ ਰੋਜ਼ਾਨਾ ਤਿੰਨ ਹਜ਼ਾਰ ਦੇ ਕਰੀਬ ਲੋਕ ਸੜਕ ਹਾਦਸਿਆਂ 'ਚ ਮਾਰੇ ਜਾਂਦੇ ਹਨ। ਜਦਕਿ ਭਾਰਤ ਵਿਚ ਹਰ ਸਾਲ ਡੇਢ ਲੱਖ ਦੇ ਕਰੀਬ ਮੌਤਾਂ ਸੜਕ ਹਾਦਸਿਆਂ 'ਚ ਹੁੰਦੀਆਂ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਵਿਸ਼ਵ ਭਰ 'ਚ ਸੜਕੀ ਹਾਦਸਿਆਂ 'ਚ ਮਰਨ ਵਾਲਿਆਂ 'ਚ ਨੌਜਵਾਨਾਂ ਦੀ ਗਿਣਤੀ ਵੱਧ ਹੁੰਦੀ ਹੈ, ਜਿਨ੍ਹਾਂ ਦੀ ਅੌਸਤ ਉਮਰ 15 ਤੋਂ 30 ਸਾਲ ਦੇ ਵਿਚਾਲੇ ਹੁੰਦੀ ਹੈ। ਜਦਕਿ ਇਨ੍ਹਾਂ 'ਚ 50 ਫ਼ੀਸਦੀ ਮੌਤਾਂ ਪੈਦਲ ਚੱਲਣ ਵਾਲੇ ਜਾਂ ਦੋਪਹੀਆ ਚਲਾਉਣ ਵਾਲਿਆਂ ਦੀ ਹੁੰਦੀ ਹੈ। ਇਸ ਲਈ ਸਦਾ ਪੈਦਲ ਚੱਲਣ ਵੇਲੇ ਫੁੱਟਪਾਥ 'ਤੇ ਚੱਲਣਾ ਚਾਹੀਦਾ ਹੈ। ਜਦਕਿ ਸਕੂਟਰ, ਮੋਟਰਸਾਈਕਲ ਚਲਾਉਂਦਿਆਂ ਹੈਲਮੇਟ ਪਹਿਨਣਾ ਚਾਹੀਦਾ ਹੈ ਤੇ ਕਾਰ ਚਲਾਉਂਦਿਆਂ ਸੀਟ ਬੈਲਟ ਜ਼ਰੂਰ ਲਾਉਣੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਵਾਜਾਈ ਦੌਰਾਨ ਵਾਪਰਨ ਵਾਲੇ ਹਾਦਸਿਆਂ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਸਮਝਾਇਆ। ਵੱਖ-ਵੱਖ ਟ੍ਰੈਫਿਕ ਸਿਗਨਲ, ਜ਼ੈਬਰਾ ਕਰਾਸਿੰਗ, ਟ੍ਰੈਫਿਕ ਲਾਈਟਾਂ ਤੇ ਹੈਲਮੇਟ ਦੀ ਵਰਤੋਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੀ ਕੁੱਝ ਮਹੱਤਵਪੂਰਨ ਸਵਾਲ ਵੀ ਪੁੱਛੇ ਗਏ। ਇਨ੍ਹਾਂ ਸਬੰਧੀ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਬੜੇ ਸੌਖੇ ਤੇ ਰੌਚਕ ਢੰਗ ਨਾਲ ਸਮਝਾਇਆ ਗਿਆ। ਪਿ੍ਰੰਸੀਪਲ ਨਵਿਤਾ ਪੁਰੀ ਨੇ ਏਸੀਪੀ ਰਾਜਨ ਸ਼ਰਮਾ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਉਹ ਦੱਸੇ ਗਏ ਟ੍ਰੈਫਿਕ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝਣ ਤੇ ਜ਼ਿੰਦਗੀ 'ਚ ਪੂਰੀ ਤਰ੍ਹਾਂ ਯਾਦ ਰੱਖਣ ਤਾਂ ਜੋ ਭਵਿੱਖ ਵਿੱਚ ਉਹ ਆਪਣੀ ਤੇ ਸਮਾਜ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾ ਸਕਣ।