ਸੰਜੀਵ ਗੁਪਤਾ, ਜਗਰਾਓਂ : ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਪਿੰਡ ਚੌਂਕੀਮਾਨ ਵਿਖੇ ਬਣਿਆ ਟੋਲ ਪਲਾਜ਼ਾ ਅੱਜ ਰਾਤ ਤੋਂ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਲੁਧਿਆਣਾ-ਫਿਰੋਜ਼ਪੁਰ ਆਉਣ-ਜਾਣ ਵਾਲਿਆਂ ਲਈ ਇਹ ਸਫਰ ਹੋਰ ਮਹਿੰਗਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਨੂੰ ਚਹੁੰ ਮਾਰਗੀ ਕਰਨ ਦੇ ਨਾਲ ਹੀ ਇਸ 'ਤੇ ਟੋਲ ਪਲਾਜ਼ਾ ਲਾਉਣ ਦੀ ਵਿਉਂਤਬੰਦੀ ਹੋਈ ਸੀ ਪਰ ਇਸ ਦਾ ਨਿਰਮਾਣ ਲਗਾਤਾਰ ਲਟਕਣਾ ਅਤੇ ਕਈ ਖਾਮੀਆਂ ਦੇ ਚੱਲਦਿਆਂ ਇਸ 'ਤੇ ਟੋਲ ਪਲਾਜ਼ਾ ਸ਼ੁਰੂ ਨਾ ਹੋ ਸਕਿਆ। ਹੁਣ ਆਖਿਰਕਾਰ ਨਿਰਮਾਣ ਕੰਪਨੀ ਨੇ ਇਸ ਮਾਰਗ ਦਾ ਕਾਫੀ ਕੰਮ ਮੁਕੰਮਲ ਕਰ ਲੈਣ ਤੋਂ ਬਾਅਦ ਇਸ 'ਤੇ ਟੋਲ ਪਲਾਜਾ ਸ਼ੁਰੂ ਕਰ ਲਿਆ। ਪਿਛਲੇ ਕੁਝ ਦਿਨ ਤੋਂ ਟੋਲ ਪਲਾਜਾ 'ਤੇ ਟਰਾਇਲ ਚੱਲ ਰਿਹਾ ਸੀ। ਆਉਣ ਜਾਣ ਵਾਲੀਆਂ ਗੱਡੀਆਂ ਦੀ ਕੰਪਿਊਟਰ 'ਤੇ ਐਂਟਰੀ ਪਾਈ ਜਾਂਦੀ ਸੀ ਪਰ ਪੈਸੇ ਨਹੀਂ ਲਏ ਜਾਂਦੇ ਸਨ। ਇਸ ਦੇ ਨਾਲ ਹੀ ਇਨ੍ਹਾਂ ਵਾਹਨਾਂ ਦੇ ਮਾਲਕਾਂ ਨੂੰ ਇਹ ਟੋਲ 28 ਸਤੰਬਰ ਦੀ ਰਾਤ 12 ਵਜੇ ਸ਼ੁਰੂ ਕਰਨ ਦੀ ਸੂਚਨਾ ਵੀ ਦਿੱਤੀ ਜਾਂਦੀ ਸੀ। ਇਸ ਦੇ ਚੱਲਦਿਆਂ ਸੋਮਵਾਰ ਨੂੰ ਟੋਲ ਪਲਾਜ਼ਾ ਨੂੰ ਚਲਾਉਣ ਸਬੰਧੀ ਦਿਨ ਭਰ ਰਹਿੰਦੀਆਂ ਕਮੀਆਂ ਨੂੰ ਮੁਕੰਮਲ ਕੀਤਾ ਗਿਆ। ਹਾਲਾਂਕਿ ਅਜੇ ਕਈ ਖਾਮੀਆਂ ਰਹਿੰਦੀਆਂ ਹਨ ਪਰ ਕੰਪਨੀ ਦੇ ਡੇਵਿਡ ਭਾਟੀਆ ਅਤੇ ਲਵਦਿਕਸ਼ਿਤ ਦਾ ਕਹਿਣਾ ਹੈ ਕਿ ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਟੋਲ ਪਲਾਜਾ ਦੇ 20 ਕਿਲੋਮੀਟਰ ਦੇ ਦਾਇਰੇ ਵਿਚ ਰਹਿੰਦੇ ਲੋਕਾਂ ਨੂੰ ਜਿਥੇ ਪਾਸ ਦੀ ਸਹੂਲਤ ਦਿੱਤੀ ਜਾਵੇਗੀ, ਉਥੇ ਆਮ ਵਾਹਨਾਂ ਦਾ ਇੱਕ ਪਾਸੜ ਸਿਰਫ 45 ਰੁਪਏ ਪਰਚੀ ਵਸੂਲੀ ਜਾਵੇਗੀ।


ਹਫਤੇ ਕੁ ਬਾਅਦ ਹੋਰ ਮਹਿੰਗਾ ਹੋਵੇਗਾ ਸਫਰ

ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ 75 ਕਿਲੋਮੀਟਰ ਦਾ ਸਫਰ ਇੱਕ ਹਫਤੇ ਬਾਅਦ ਹੋਰ ਮਹਿੰਗਾ ਹੋ ਜਾਵੇਗਾ, ਕਿਉਂਕਿ ਇਸ ਰੋਡ 'ਤੇ ਦੋ ਟੋਲ ਪਲਾਜ਼ਾ ਬਣੇ ਹਨ। ਜਿਨ੍ਹਾ ਵਿਚ ਇੱਕ ਚੌਂਕੀਮਾਨ ਜੋ ਅੱਜ ਸ਼ੁਰੂ ਹੋ ਗਿਆ ਹੈ ਦੂਜਾ ਤਲਵੰਡੀ ਵਿਖੇ ਬਣਿਆ ਹੈ, ਜਿਸ ਨੂੰ ਸ਼ੁਰੂ ਹੋਣ ਵਿਚ ਅਜੇ ਕੁਝ ਦਿਨ ਲੱਗ ਜਾਣਗੇ।

Posted By: Jagjit Singh