ਐੱਸਪੀ ਜੋਸ਼ੀ/ਲੁਧਿਆਣਾ : ਖ਼ੁਦ ਨੂੰ ਆਈਪੀਐੱਸ ਅਧਿਕਾਰੀ ਦੱਸ ਕੇ ਸਥਾਨਕ ਜਮਾਲਪੁਰ ਕਾਲੋਨੀ ਦੀ ਰਹਿਣ ਵਾਲੀ ਮੁਟਿਆਰ ਨਾਲ ਮੰਗਣੀ ਕਰਨ ਵਾਲੇ ਨੌਸਰਬਾਜ਼ ਖ਼ਿਲਾਫ਼ ਫੋਕਲ ਪੁਆਇੰਟ ਦੀ ਪੁਲਿਸ ਨੇ ਧੋਖਾਦੇਹੀ ਸਮੇਤ ਹੋਰ ਸੰਗੀਨ ਦੋਸ਼ਾਂ 'ਚ ਪਰਚਾ ਦਰਜ ਕੀਤਾ ਹੈ। ਇਹੋ ਨਹੀਂ ਕਥਿਤ ਮੁਲਜ਼ਮ ਨੇ ਪੀੜਤ ਪਰਿਵਾਰ ਦੀ ਇੱਕ ਅੌਰਤ ਨੂੰ ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਪਰਿਵਾਰ ਕੋਲੋਂ 7 ਲੱਖ 35 ਹਜਾਰ ਰੁਪਏ ਦੀ ਨਗਦੀ ਠੱਗ ਲਈ। ਜਦ ਪਰਿਵਾਰ ਨੂੰ ਇਸ ਨਕਲੀ ਆਈਪੀਐੱਸ ਦੀ ਅਸਲ ਕਹਾਣੀ ਪਤਾ ਲੱਗੀ ਤਾਂ ਉਨ੍ਹਾਂ ਇਸ ਦੀ ਸ਼ਿਕਾਇਤ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਕੋਲ ਦਰਜ ਕਰਵਾਈ। ਪੁਲਿਸ ਨੇ ਸਿਟੀ ਖਰੜ ਮੁਹਾਲੀ ਦੇ ਰਹਿਣ ਵਾਲੇ ਅਨਿਲ ਕਾਫ਼ਲੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਮਾਲਪੁਰ ਦੇ ਦੀ ਰਹਿਣ ਵਾਲੀ ਮਨਿੰਦਰ ਕੌਰ ਨਾਂਅ ਦੀ ਅੌਰਤ ਨੇ ਪੁਲਿਸ ਕੋਲ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਕਥਿਤ ਮੁਲਜ਼ਮ ਅਨਿਲ ਕਾਫਲੇ ਨਾਲ ਕੁਝ ਸਮੇਂ ਤੋਂ ਜਾਣ-ਪਛਾਣ ਸੀ। ਅਨਿਲ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਹ ਆਈਪੀਐੱਸ ਅਫ਼ਸਰ ਬਣ ਚੁੱਕਾ ਹੈ ਤੇ ਉਸ ਦੀ ਫਿਲੌਰ ਟ੍ਰੇਨਿੰਗ ਚੱਲ ਰਹੀ ਹੈ। ਪੀੜਤ ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਪੂਰੀ ਤਰ੍ਹਾਂ ਨਾਲ ਭਰੋਸੇ 'ਚ ਲੈਣ ਤੋਂ ਬਾਅਦ ਉਨ੍ਹਾਂ ਦੋਵਾਂ ਦੇ ਰਿਸ਼ਤੇ ਦੀ ਗੱਲ ਚੱਲੀ ਅਤੇ ਪਰਿਵਾਰ ਵਾਲਿਆਂ ਨੇ ਪੀੜਤਾ ਦੀ ਮੰਗਣੀ ਅਨਿਲ ਨਾਲ ਕਰਵਾ ਵੀ ਦਿੱਤੀ। ਰਿਸ਼ਤਾ ਹੋਣ ਤੋਂ ਬਾਅਦ ਅਨਿਲ ਦਾ ਪੀੜਤ ਪਰਿਵਾਰ ਵਿੱਚ ਆਉਣਾ ਜਾਣਾ ਕਾਫ਼ੀ ਵੱਧ ਗਿਆ। ਇਸ ਦੌਰਾਨ ਮਨਿੰਦਰ ਦੀ ਭੈਣ ਜੋ ਕਿ ਫਰੀਦਕੋਟ ਵਿੱਚ ਰਹਿੰਦੀ ਹੈ, ਉਸ ਦੀ ਨਨਾਣ ਨੂੰ ਬੈਂਕ 'ਚ ਨੌਕਰੀ ਲਗਵਾਉਣ ਦਾ ਦਾਅਵਾ ਕਰਦਿਆਂ ਕਥਿਤ ਮੁਲਜ਼ਮ ਨੇ ਉਨ੍ਹਾਂ ਕੋਲੋਂ 7 ਲੱਖ 35 ਹਜ਼ਾਰ ਰੁਪਏ ਬਤੌਰ ਰਿਸ਼ਵਤ ਠੱਗ ਲਏ। ਪੈਸਾ ਵਸੂਲਣ ਤੋਂ ਬਾਅਦ ਵਾਰ-ਵਾਰ ਤਕਾਜਾ ਕਰਨ ਦੇ ਬਾਵਜੂਦ ਕਥਿਤ ਮੁਲਜ਼ਮ ਨੇ ਨਾ ਤਾਂ ਪੀੜਤ ਦੇ ਰਿਸ਼ਤੇਦਾਰ ਦੀ ਨੌਕਰੀ ਲਗਵਾਈ ਤੇ ਨਾ ਹੀ ਪੈਸਾ ਵਾਪਸ ਕੀਤਾ। ਸ਼ੱਕ ਪੈਣ 'ਤੇ ਉਨ੍ਹਾਂ ਕਥਿਤ ਮੁਲਜ਼ਮ ਦੇ ਪਿਛੋਕੜ ਦੀ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਸਾਰਾ ਸੱਚ ਸਾਹਮਣੇ ਆਇਆ। ਫਿਲਹਾਲ ਪੁਲਿਸ ਵੱਲੋਂ ਕਥਿਤ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਗਈ ਹੈ।