ਰਘਵੀਰ ਸਿੰਘ ਜੱਗਾ, ਰਾਏਕੋਟ : ਕੈਨੇਡਾ 'ਚ ਦੂਜੀ ਵਾਰ ਕੰਜ਼ਰਵੇਟਿਵ ਪਾਰਟੀ ਵੱਲੋਂ ਐੱਮਪੀ ਚੁਣੇ ਜਾਣ 'ਤੇ ਐੱਮਪੀ ਟਿੰਮ ਉੱਪਲ ਦੇ ਜੱਦੀ ਪਿੰਡ ਬੱਸੀਆਂ ਵਿਖੇ ਖ਼ੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੀ ਜਿੱਤ 'ਤੇ ਜਸ਼ਨਾਂ 'ਚ ਢੋਲ ਦੀ ਥਾਪ 'ਤੇ ਪਾਏ ਭੰਗੜੇ ਤੇ ਖੁਸ਼ੀ 'ਚ ਮਠਿਆਈ ਵੰਡੀ। ਟਿੰਮ ਦੀ ਜਿੱਤ ਦੇ ਰੰਗ 'ਚ ਰੰਗੇ ਪਿੰਡ ਵਾਸੀਆਂ 'ਚ ਪੰਚਾਇਤ ਤੇ ਸਰਪੰਚ ਜਗਦੇਵ ਸਿੰਘ ਤੇ ਬਲਵੀਰ ਸਿੰਘ ਚੀਮਾ ਦੀ ਅਗਵਾਈ 'ਚ ਹੋਏ ਇਕੱਠ ਦੌਰਾਨ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਸਰਪੰਚ ਜਗਦੇਵ ਸਿੰਘ ਨੇ ਕਿਹਾ ਕਿ ਟਿੰਮ ਉੱਪਲ ਦਾ ਮਿਲਵੁੱਡਜ, ਅਲਬਰਟਾ ਤੋਂ ਦੂਜੀ ਵਾਰ ਮੈਂਬਰ ਪਾਰਲੀਮੈਂਟ ਚੁਣੇ ਜਾਣਾ ਉਨ੍ਹਾਂ ਲਈ ਅਤੇ ਪਿੰਡ ਵਾਸੀਆਂ ਲਈ ਬੜੀ ਮਾਣ ਦੀ ਗੱਲ ਹੈ। ਉਨ੍ਹਾਂ ਟਿੰਮ ਉੱਪਲ ਨੂੰ ਉਮੀਦਵਾਰ ਬਣਾਉਣ 'ਤੇ ਕੰਜ਼ਰਵੇਟਿਵ ਪਾਰਟੀ ਦਾ ਵੀ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ 2008 ਤੋਂ 2015 ਤਕ ਐਡਮਿੰਟਨ ਸ਼ੇਰਵੁੱਡ ਪਾਰਕ ਤੋਂ ਟਿੰਮ ਉੱਪਲ ਐੱਮਪੀ ਚੁਣੇ ਗਏ ਸਨ, ਜਿਸ ਤੋਂ ਬਾਅਦ 15 ਜੁਲਾਈ 2013 ਨੂੰ ਟਿੰਮ ਉੱਪਲ ਨੂੰ ਲੋਕਤੰਤਰੀ ਸੁਧਾਰ ਰਾਜ ਦਾ ਮੰਤਰੀ ਬਣਾਇਆ ਗਿਆ ਸੀ। 2015 ਦੀਆਂ ਚੋਣਾਂ 'ਚ ਐਡਮਿੰਟਨ ਮਿਲਵੁੱਡਜ ਦੀ ਚੋਣ 'ਚ ਟਿੰਮ ਉੱਪਲ ਲਿਬਰਲ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਸੋਹੀ ਤੋਂ ਚੋਣ ਹਾਰ ਗਏ ਸਨ ਤੇ 2019 ਦੀਆਂ ਚੋਣਾਂ 'ਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਟਿੰਮ ਉੱਪਲ ਨੇ ਅਮਰਜੀਤ ਸਿੰਘ ਸੋਹੀ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਅਮਨਦੀਪ ਕੌਰ, ਜਰਨੈਲ ਸਿੰਘ ਉੱਪਲ, ਸੰਮਤੀ ਮੈਂਬਰ ਭੁਪਿੰਦਰ ਸਿੰਘ, ਸੁਖਵਿੰਦਰ ਕੌਰ, ਨਰਿੰਦਰ ਸਿੰਘ, ਕਰਮਜੀਤ ਕੌਰ, ਰਮਨਦੀਪ ਕੌਰ, ਚਰਨਜੀਤ ਕੌਰ, ਗੁਰਮੇਲ ਸਿੰਘ, ਨਰਿੰਦਰ ਕੁਮਾਰ, ਰਮੇਸ਼ ਸਿੰਘ, ਜਸਵਿੰਦਰ ਸਿੰਘ ਵਾਸੀ ਹਾਜ਼ਰ ਸਨ।