ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸਾਊਥ ਸਿਟੀ ਵਾਲੀ ਨਹਿਰ ਵਿੱਚ ਤੇਜ਼ ਰਫ਼ਤਾਰ ਕਾਰ ਡਿੱਗਣ ਕਾਰਨ ਮੈਡੀਕਲ ਸਟੂਡੈਂਟ ਸਮੇਤ ਤਿੰਨ ਦੀ ਮੌਤ ਹੋ ਗਈ। ਇਸ ਹਾਦਸੇ ਦੇ ਦੌਰਾਨ ਕਾਰ ਦਾ ਡਰਾਈਵਰ ਤੈਰ ਕੇ ਨਹਿਰ 'ਚੋਂ ਬਾਹਰ ਨਿਕਲ ਗਿਆ।

ਜਾਣਕਾਰੀ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਪੀਏਯੂ ਦੀ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ। ਇਸ ਇਸ ਭਿਆਨਕ ਹਾਦਸੇ ਦੌਰਾਨ ਮਾਰੇ ਗਏ ਵਿਅਕਤੀਆਂ ਦੀ ਪਛਾਣ ਗੁਰਦਾਸਪੁਰ ਦੇ ਵਾਸੀ ਪ੍ਰਭਜੋਤ (19) ਪਾਹੁਲ(18) ਅਤੇ ਦਿੱਲੀ ਦੀ ਰਹਿਣ ਵਾਲੀ ਤ੍ਰਿਸ਼ਾ(19) ਵਜੋਂ ਹੋਈ ਹੈ।

ਨਹਿਰ ਚੋਂ ਬਾਹਰ ਨਿਕਲੇ ਰਾਹੁਲ ਕੋਲੋਂ ਥਾਣਾ ਪੀਏਯੂ ਦੀ ਪੁਲਿਸ ਪੁੱਛਗਿੱਛ ਕਰਨ ਵਿਚ ਜੁਟ ਗਈ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਿੰਨੇ ਨੌਜਵਾਨ ਗੁਰਦਾਸਪੁਰ ਦੇ ਰਹਿਣ ਵਾਲੇ ਸਨ। ਐਤਵਾਰ ਸਵੇਰੇ ਉਹ ਆਪਣੀ ਦੋਸਤ ਤ੍ਰਿਸ਼ਾ ਨੂੰ ਮਿਲਣ ਲਈ ਗੁਰਦਾਸਪੁਰ ਤੋਂ ਲੁਧਿਆਣਾ ਆਏ। ਐਤਵਾਰ ਦੁਪਹਿਰ ਤੋਂ ਬਾਅਦ ਤਿੰਨੇ ਨੌਜਵਾਨ ਤ੍ਰਿਸ਼ਾਂ ਦੇ ਨਾਲ ਸਵਿਫਟ ਕਾਰ ਵਿੱਚ ਫਿਰੋਜ਼ਪੁਰ ਰੋਡ 'ਤੇ ਘੁੰਮ ਰਹੇ ਸਨ। ਚਾਲਕ ਰਾਹੁਲ ਨੇ ਕਾਰ ਸਾਊਥ ਸਿਟੀ ਵੱਲ ਮੋੜ ਲਈ। ਇਸੇ ਦੌਰਾਨ ਉਨ੍ਹਾਂ ਦੀ ਕਾਰ ਦੇ ਅੱਗੇ ਇੱਕ ਹੋਰ ਕਾਰ ਆ ਗਈ ਤੇ ਗਤੀ ਤੇਜ਼ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ। ਤੇਜ਼ ਰਫ਼ਤਾਰ ਕਾਰ ਨਹਿਰ ਵਿੱਚ ਜਾ ਡਿੱਗੀ। ਕਾਰ ਚਾਲਕ ਰਾਹੁਲ ਤੈਰ ਕੇ ਨਹਿਰ 'ਚੋਂ ਬਾਹਰ ਆ ਗਿਆ ਜਦਕਿ ਨਹਿਰ ਵਿੱਚ ਡੁੱਬਣ ਕਾਰਨ ਲੜਕੀ ਸਮੇਤ ਤਿੰਨਾਂ ਦੀ ਮੌਤ ਹੋ ਗਈ।

ਮਾਮਲੇ ਦੀ ਜਾਣਕਾਰੀ ਮਿਲਦੇ ਸਾਰ ਹੀ ਥਾਣਾ ਪੀਏਯੂ ਦੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ। ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਨਹਿਰ 'ਚੋਂ ਬਾਹਰ ਕੱਢਿਆ ਗਿਆ ਅਤੇ ਕਰੇਨ ਮੰਗਵਾ ਕੇ ਸਵਿਫਟ ਕਾਰ ਵੀ ਬਾਹਰ ਕੱਢੀ ਗਈ। ਕਾਬਲੇਗੌਰ ਹੈ ਕਿ ਦਿੱਲੀ ਦੀ ਰਹਿਣ ਵਾਲੀ ਤ੍ਰਿਸ਼ਾ ਲੁਧਿਆਣਾ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ ਅਤੇ ਤਿੰਨੇ ਨੌਜਵਾਨ ਨੂੰ ਮਿਲਣ ਲਈ ਗੁਰਦਾਸਪੁਰ ਤੋਂ ਲੁਧਿਆਣਾ ਆਏ ਸਨ।

Posted By: Jagjit Singh