ਮਨੀਸ਼ ਸਚਦੇਵਾ/ਬਲਜੀਤ ਸਿੰਘ ਬਘੌਰ, ਸਮਰਾਲਾ : ਪੁਲਿਸ ਸਟੇਸ਼ਨ ਦੇ ਤਿੰਨ ਪੁਲਿਸ ਮੁਲਾਜ਼ਮਾਂ, ਇਕ ਪਾਵਰਕਾਮ ਦਫ਼ਤਰ ਸਬ-ਅਰਬਨ ਦੇ ਜੇਈ ਤੇ ਐੱਸਬੀਆਈ ਬੈਂਕ ਮੁਲਾਜ਼ਮ ਸਮੇਤ ਪੰਜ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸ ਦੀ ਪੁਸ਼ਟੀ ਸਿਵਲ ਹਸਪਤਾਲ ਦੇ ਡਾ. ਤਾਰਕਜੋਤ ਸਿੰਘ ਨੇ ਕੀਤੀ ਹੈ।

ਦੱਸਣਯੋਗ ਹੈ ਕਿ ਥਾਣੇ ਦੇ ਮੁਲਾਜ਼ਮਾਂ ਦੇ ਕੁਝ ਦਿਨ ਪਹਿਲਾਂ ਵੀ ਕੋਰੋਨਾ ਟੈਸਟ ਹੋਏ ਸਨ, ਉਸ ਸਮੇਂ ਸਾਰੇ ਮੁਲਾਜ਼ਮਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਸਨ। ਹੁਣ ਥਾਣੇ 'ਚ ਤਾਇਨਾਤ ਸਹਾਇਕ ਥਾਣੇਦਾਰਾਂ ਤੇ ਇੱਕ ਹੋਰ ਮੁਲਾਜ਼ਮ ਨੂੰ ਬੁਖ਼ਾਰ ਤੇ ਖਾਂਸੀ ਦੀ ਸ਼ਿਕਾਇਤ ਹੋਈ, ਜਿਨ੍ਹਾਂ ਦਾ ਟੈਸਟ ਕਰਨ 'ਤੇ ਰਿਪੋਰਟ ਪਾਜ਼ੇਟਿਵ ਆਈ ਹੈ। ਇਸੇ ਤਰ੍ਹਾਂ ਐੱਸਬੀਆਈ ਸਮਰਾਲਾ ਦੇ ਇਕ ਮੁਲਾਜ਼ਮ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਬੈਂਕ ਨੂੰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ। ਪਾਵਰਕਾਮ ਸਬ-ਅਰਬਨ 'ਚ ਤਾਇਨਾਤ ਇਕ ਜੇਈ ਨੂੰ ਵੀ ਬੁਖ਼ਾਰ ਹੋਇਆ, ਜਿਸ ਦਾ ਕੋਰੋਨਾ ਟੈਸਟ ਕਰਵਾਇਆ, ਉਸ ਦੀ ਵੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜੇਈ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਦਫ਼ਤਰ ਨੂੰ ਵੀ ਕੁਝ ਦਿਨਾਂ ਲਈ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਦਫ਼ਤਰ 'ਚ ਤਾਇਨਾਤ ਮੁਲਾਜ਼ਮਾਂ ਦੀਆਂ ਸੂਚੀਆਂ ਮੰਗਵਾਈਆਂ ਹਨ, ਜਿਨ੍ਹਾਂ ਦੇ ਭਲਕੇ ਸਿਵਲ ਹਸਪਤਾਲ 'ਚ ਟੈਸਟ ਕੀਤੇ ਜਾਣਗੇ। ਇਸ ਤੋਂ ਇਲਾਵਾ ਜਿਹੜੇ ਮੁਲਾਜ਼ਮ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।