ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਪਿਸਤੌਲ ਦੀ ਨੋਕ 'ਤੇ ਡਰਾਈਵਰ ਕੋਲੋਂ ਉਸ ਦੀ ਟੈਕਸੀ ਲੁੱਟਣ ਵਾਲੇ ਤਿੰਨਾਂ ਮੁਲਜ਼ਮਾਂ ਨੂੰ ਥਾਣਾ ਲਾਡੋਵਾਲ ਦੀ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ । ਮੁਲਜ਼ਮ ਲਾਂਡਰਾਂ ਤੋਂ ਡਰਾਈਵਰ ਦੀ ਟੈਕਸੀ 'ਚ ਸਵਾਰ ਹੋ ਕੇ ਆਏ ਸਨ ਤੇ ਹਾਰਡੀਜ਼ ਵਰਲਡ ਦੇ ਲਾਗੇ ਆ ਕੇ ਉਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਸੀ। ਪੁਲਿਸ ਮੁਤਾਬਕ ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੋਗਾ ਦੇ ਰਹਿਣ ਵਾਲੇ ਰਵਿਦਾਸ ਉਰਫ਼ ਰਵੀ ,ਗੁਰਦੀਪ ਸਿੰਘ ਉਰਫ ਸੋਨੂੰ ਤੇ ਮਨਦੀਪ ਸਿੰਘ ਉਰਫ ਦੀਪਾ ਵਜੋਂ ਹੋਈ ਹੈ।

ਜਾਣਕਾਰੀ ਦਿੰਦਿਆਂ ਏਡੀਸੀਪੀ ਅਸ਼ਵਨੀ ਗੋਟਿਆਲ, ਏਸੀਪੀ ਤਲਵਿੰਦਰ ਸਿੰਘ ਤੇ ਥਾਣਾ ਲਾਡੋਵਾਲ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਜਲਾਲਾਬਾਦ ਜ਼ਿਲ੍ਹਾ ਫ਼ਾਜ਼ਿਲਕਾ ਦਾ ਰਹਿਣ ਵਾਲਾ ਮਨਜੀਤ ਸਿੰਘ ਲਾਂਡਰਾਂ ਇਲਾਕੇ 'ਚ ਟੈਕਸੀ ਚਲਾਉਂਦਾ ਹੈ । 1 ਮਈ ਨੂੰ ਸਵਾਰੀਆਂ ਬਣ ਕੇ ਆਏ ਤੇ ਲੁਧਿਆਣਾ ਲਈ ਟੈਕਸੀ ਕੀਤੀ । ਆਈ ਟੈੱਨ ਕਾਰ 'ਚ ਸਵਾਰ ਹੋ ਕੇ ਸਾਰੇ ਮੁਲਜ਼ਮ ਲੁਧਿਆਣਾ ਲਈ ਨਿਕਲ ਪਏ। ਡਰਾਈਵਰ ਮਨਜੀਤ ਸਿੰਘ ਜਸਰਾ ਹੀ ਲੁਧਿਆਣਾ 'ਚ ਦਾਖ਼ਲ ਹੋਇਆ ਤਾਂ ਮੁਲਜ਼ਮ ਉਸ ਨੂੰ ਥੋੜ੍ਹਾ ਅੱਗੇ ਜਾਣ ਦੀ ਗੱਲ ਆਖ ਕੇ ਹਾਰਡੀਜ਼ ਵਰਲਡ ਤਕ ਲੈ ਗਏ। ਹਨੇਰੇ ਦਾ ਫਾਇਦਾ ਚੁੱਕਦੇ ਹੋਏ ਮੁਲਜ਼ਮਾਂ ਨੇ ਰਿਵਾਲਵਰ ਕੱਢ ਕੇ ਉਸ ਕੋਲੋਂ 2 ਹਜ਼ਾਰ ਰੁਪਏ ਦੀ ਨਕਦੀ ਮੋਬਾਈਲ ਫੋਨ ਤੇ ਉਸ ਦੀ ਆਈ ਟਵੰਟੀ ਕਾਰ ਲੁੱਟ ਲਈ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ । ਮਾਮਲੇ 'ਚ ਥਾਣਾ ਲਾਡੋਵਾਲ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐੱਫ ਆਈ ਆਰ ਦਰਜ ਕਰ ਕੇ ਸਾਇੰਟਿਫਿਕ ਤਰੀਕੇ ਨਾਲ ਤਲਾਸ਼ ਸ਼ੁਰੂ ਕੀਤੀ । ਏਡੀਸੀਪੀ ਨੇ ਦੱਸਿਆ ਕੇ ਛਾਣਬੀਨ ਦੇ ਦੌਰਾਨ ਪੁਲਿਸ ਮੁਲਜ਼ਮਾਂ ਤਕ ਪਹੁੰਚੀ ਤੇ ਉਨ੍ਹਾਂ ਦੇ ਕਬਜ਼ੇ 'ਚੋਂ ਆਈ ਟਵੰਟੀ ਟੈਕਸੀ ਆਲਟੋ ਕਾਰ ਵਾਰਦਾਤ 'ਚ ਵਰਤੀ ਗਈ ਪਿਸਤੌਲ ਦੋ ਮੋਬਾੀਲ ਫੋਨ ਤੇ ਇਕ ਦਾਤ ਬਰਾਮਦ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਦੌਰਾਨੇ ਤਫ਼ਤੀਸ਼ ਕਈ ਖੁਲਾਸੇ ਹੋਣਗੇ।