ਕੁਲਵਿੰਦਰ ਸਿੰਘ ਰਾਏ, ਖੰਨਾ

ਖੰਨਾ ਦੇ ਸਨਸਿਟੀ ਕਲੌਨੀ ਵਾਸੀ 62 ਸਾਲ ਦੇ ਬਜ਼ੁਰਗ ਦੀ ਕੋਰੋਨਾ ਰਿਪੋਰਟ ਬੁੱਧਵਾਰ ਨੂੰ ਪਾਜ਼ੇਟਿਵ ਆਉਣ ਤੋਂ ਬਾਅਦ ਉਸਦੇ ਪਰਿਵਾਰ ਦੇ ਹੋਰ 9 ਲੋਕਾਂ ਦੀ ਰਿਪੋਰਟ ਹੁਣ ਤੱਕ ਪਾਜ਼ੇਟਿਵ ਆ ਚੁੱਕੀ ਹੈ। ਸ਼ੁੱਕਰਵਾਰ ਨੂੰ ਬਜੁਰਗ ਦੇ ਪਰਿਵਾਰ ਦੇ 6 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਤਾਂ ਹੁਣ ਸ਼ਨਿਚਰਵਾਰ ਨੂੰ ਉਸੇ ਪਰਿਵਾਰ ਦੇ ਤਿੰਨ ਹੋਰ ਲੋਕ ਪਾਜ਼ੇਟਿਵ ਪਾਏ ਗਏ। ਸ਼ਹਿਰ ਦੇ ਪਾਸ਼ ਇਲਾਕੇ ਸਨਸਿਟੀ ਕਲੌਨੀ 'ਚ ਚਾਰ ਦਿਨ 'ਚ ਦਸ ਮਾਮਲੇ ਸਾਹਮਣੇ ਆਉਣ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਹੈ।

ਸ਼ੁੱਕਰਵਾਰ ਨੂੰ ਬਜੁਰਗ ਦੇ ਪਰਿਵਾਰ ਦੇ 11 ਲੋਕਾਂ ਦੇ ਸੈਂਪਲ ਡੀਐੱਮਸੀ ਲੁਧਿਆਣਾ 'ਚ ਲਏ ਗਏ ਸਨ। ਇਹਨਾਂ 'ਚੋਂ 6 ਦੀ ਰਿਪੋਰਟ ਨੈਗੇਟਿਵ ਤੇ 3 ਦੀ ਪਾਜ਼ੇਟਿਵ ਆਈ ਹੈ। 2 ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਸ਼ਨਿਚਰਵਾਰ ਨੂੰ ਪਾਜ਼ੇਟਿਵ ਆਈਆਂ ਰਿਪੋਰਟਾਂ 'ਚ ਬਜੁਰਗ ਦਾ 67 ਸਾਲ ਦਾ ਭਰਾ, 63 ਸਾਲ ਦੀ ਭਰਜਾਈ ਤੇ 7 ਸਾਲ ਦਾ ਭਰਾ ਦਾ ਪੋਤਾ ਸ਼ਾਮਲ ਹੈ। ਐਨੇ ਕੇਸ ਆਉਣ ਦੇ ਬਾਅਦ ਸਿਹਤ ਵਿਭਾਗ ਵੀ ਚਿੰਤਾ 'ਚ ਹੈ ਤੇ ਪਰਿਵਾਰ ਨਾਲ ਜੁੜੇ ਹੋਰ ਲੋਕਾਂ ਦੇ ਸੈਂਪਲ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੇਟਿਵ ਆਏ ਪਰਿਵਾਰ ਦੇ ਮੈਬਰਾਂ 'ਚ ਬਜੁਰਗ ਦੀ 60 ਸਾਲ ਦੀ ਪਤਨੀ, 40 ਸਾਲ ਦਾ ਭਤੀਜਾ, 34 ਸਾਲ ਦਾ ਪੁੱਤਰ, 33 ਸਾਲ ਦੀ ਨੂੰਹ, 28 ਸਾਲ ਦਾ ਪੁੱਤਰ ਤੇ 7 ਸਾਲ ਦੀ ਪੋਤੀ ਸ਼ਾਮਿਲ ਸਨ। ਖੰਨਾ ਨਗਰ ਕੌਂਸਲ ਦੀ ਫਾਇਰ ਬਿ੍ਗੇਡ ਦੀ ਟੀਮ ਨੇ ਫਾਇਰ ਅਫਸਰ ਯਸ਼ਪਾਲ ਰਾਏ ਗੋਮੀ ਦੀ ਅਗਵਾਈ 'ਚ ਸ਼ਨੀਵਾਰ ਨੂੰ ਫਿਰ ਤੋਂ ਸਨਸਿਟੀ ਕਲੌਨੀ 'ਚ ਪਾਜ਼ੇਟਿਵ ਆਏ ਪਰਿਵਾਰ ਦੇ ਘਰ ਤੇ ਆਸਪਾਸ ਦੇ ਏਰੀਏ ਨੂੰ ਸੈਨੇਟਾਇਜ਼ ਕੀਤਾ।