ਕੁਲਵਿੰਦਰ ਸਿੰਘ ਰਾਏ, ਖੰਨਾ : ਲਲਹੇੜੀ ਰੋਡ ਖੰਨਾ ਵਿਖੇ ਚੱਲਦੇ ਸੀਵਰੇਜ ਦੇ ਕੰਮ ਦੌਰਾਨ ਮਿੱਟੀ ਡਿੱਗ ਜਾਣ ਕਾਰਨ ਵੱਡਾ ਹਾਦਸਾ ਵਾਪਰਿਆ। ਇਸ ਦੌਰਾਨ ਤਿੰਨ ਮਜਦੂਰ ਸੀਵਰੇਜ ਪਾਇਪ ਲਾਈਨ ਦੀ ਕਰੀਬ 10 ਫੁੱਟ ਡੂੰਘੇ ਖੱਡੇ 'ਚ ਦੱਬ ਗਏ। ਜਿੰਨ੍ਹਾਂ 'ਚੋਂ ਇੱਕ ਮਜ਼ਦੂਰ ਨੂੰ ਨਾਲ ਦੇ ਸਾਥੀਆਂ ਵੱਲੋਂ ਉਸ ਵੇਲੇ ਹੀ ਕੱਢ ਲਿਆ ਗਿਆ। ਬਾਕੀਆਂ ਨੂੰ ਬਚਾਉਣ ਲਈ ਪ੍ਰਸਾਸ਼ਨ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ। ਦੇਰ ਰਾਤ ਦੋਵੇਂ ਮਜ਼ਦੂਰ ਨੂੰ ਭਾਰੀ ਜੱਦੋਜਹਿਦ ਮਗਰੋਂ ਕੱਢਿਆ ਗਿਆ। ਜਿੰਨ੍ਹਾਂ ਨੂੰ ਬੇਸੁੱਧ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਜਿੰਨ੍ਹਾਂ 'ਚ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕੀਤਾ ਗਿਆ। ਮ੍ਰਿਤਕ ਮਜ਼ਦੂਰਾਂ ਦੀ ਪਛਾਣ ਚੰਦਨ ਕੁਮਾਰ ਵਾਸੀ ਜ਼ਿਲ੍ਹਾ ਪੂਰਨੀਆਂ, ਬਿਹਾਰ ਤੇ ਦਿਲਖ਼ੁਸ਼ ਵਾਸੀ ਜ਼ਿਲ੍ਹਾ ਮੱਧੇਪੁਰਾ, ਬਿਹਾਰ ਦੱਸੇ ਜਾ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ, ਖੰਨਾ ਸ਼ਹਿਰ ਦੇ ਲਲਹੇੜੀ ਰੋਡ ਇਲਾਕੇ ਦੀ ਜਗਤ ਕਲੋਨੀ 'ਚ ਸੀਵਰੇਜ ਦਾ ਕੰਮ ਚੱਲ ਰਿਹਾ ਸੀ। ਮਜ਼ਦੂਰਾਂ ਵੱਲੋਂ 10 ਫੁੱਟ ਦੇ ਕਰੀਬ ਸੀਵਰੇਜ ਪਾਇਪ ਲਾਈਨ ਪਾਉਣ ਲਈ ਪੁਟਾਈ ਕੀਤੀ ਗਈ ਸੀ ਕਿ ਸ਼ਾਮ 5.30 ਵਜੇਂ ਅਚਾਨਕ ਮਿੱਟੀ ਮਜ਼ਦੂਰਾਂ 'ਤੇ ਡਿੱਗ ਗਈ। ਜਿਸ ਨਾਲ 3 ਮਜ਼ਦੂਰ ਰਮਨ ਕੁਮਾਰ, ਵਾਸੀ ਜ਼ਿਲ੍ਹਾ ਪੂਰਨੀਆਂ ਬਿਹਾਰ, ਚੰਦਨ ਕੁਮਾਰ ਵਾਸੀ ਜ਼ਿਲ੍ਹਾ ਪੂਰਨੀਆਂ, ਬਿਹਾਰ ਤੇ ਦਿਲਖ਼ੁਸ਼ ਵਾਸੀ ਜ਼ਿਲ੍ਹਾ ਮੱਧੇਪੁਰਾ, ਬਿਹਾਰ ਸੀਵਰੇਜ ਦੀ ਖਾਈ 'ਚ ਦੱਬ ਗਏ। ਰਮਨ ਕੁਮਾਰ ਨੂੰ ਸਾਥੀਆਂ ਵੱਲੋਂ ਤੁਰੰਤ ਹੀ ਬਾਹਰ ਕੱਢ ਲਿਆ ਗਿਆ ਜਦਕਿ ਦੋਵੇਂ ਚੰਦਨ ਕੁਮਾਰ ਤੇ ਦਿਲਖ਼ੁਸ਼ ਜਿਆਦਾ ਮਿੱਟੀ ਡਿੱਗ ਜਾਣ ਕਰਕੇ, ਖੱਡੇ ਦੇ ਵਿਚ ਦੱਬ ਗਏ। ਸੂਚਨਾ ਮਿਲਣ 'ਤੇ ਸੀਵਰੇਜ ਬੋਰਡ ਤੇ ਪ੍ਰਸਾਸ਼ਨਿਕ ਅਧਿਕਾਰੀ ਬਚਾਅ ਕਾਰਜਾਂ ਲਈ ਜੇਸੀਬੀ ਤੇ ਹੋਰ ਮਸ਼ੀਨਰੀ ਲੈ ਕੇ ਪੁੱਜੇ। ਭਾਰੀ ਜੱਦੋਂਜਹਿਦ ਮਗਰੋਂ ਰਾਤ 8 ਵਜੇਂ ਦੇ ਕਰੀਬ ਚੰਦਨ ਕੁਮਾਰ ਨੂੰ ਗੰਭੀਰ ਹਾਲਤ 'ਚ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ 8.35 ਦੇ ਕਰੀਬ ਤੀਜਾ ਮਜ਼ਦੂਰ ਦਿਲਖ਼ੁਸ਼ ਵੀ ਪੁਟਾਈ ਦੌਰਾਨ ਮਿਲਿਆ ਜਿਸਨੂੰ ਬੇਸੁੱਧ ਹਾਲਤ 'ਚ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਦੋਵਾਂ ਮਜ਼ਦੂਰਾਂ ਚੰਦਨ ਕੁਮਾਰ ਵਾਸੀ ਜ਼ਿਲ੍ਹਾ ਪੂਰਨੀਆਂ ਬਿਹਾਰ ਤੇ ਦਿਲਖ਼ੁਸ਼ ਵਾਸੀ ਜ਼ਿਲ੍ਹਾ ਮੱਧੇਪੁਰਾ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਲੋਕਾਂ 'ਚ ਇਸ ਗੱਲ ਦਾ ਰੋਸ ਵੀ ਦੇਖਣ ਨੂੰ ਮਿਲਿਆ ਕਿ ਪ੍ਰਸਾਸ਼ਨ ਵੱਲੋਂ ਮੌਕੇ 'ਤੇ ਕਿਸੇ ਤਰ੍ਹਾਂ ਦੀ ਮੈਡੀਕਲ ਸਹੂਲਤ ਤੇ ਆਕਸੀਜਨ ਦਾ ਪ੍ਰਬੰਧ ਨਹੀਂ ਕੀਤਾ ਹੋਇਆ ਸੀ।

ਘਟਨਾ ਦਾ ਪਤਾ ਲੱਗਣ 'ਤੇ ਐੱਸਡੀਐੱਮ ਸੰਦੀਪ ਸਿੰਘ, ਡੀਐੱਸਪੀ ਖੰਨਾ ਰਾਜਨ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਰਣਜੀਤ ਸਿੰਘ, ਥਾਣਾ ਸਦਰ ਮੁਖੀ ਬਲਜਿੰਦਰ ਸਿੰਘ, ਫਾਇਰ ਅਫ਼ਸਰ ਯਸਪਾਲ ਗੋਮੀ, ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਮਿੰਦਰ ਸਿੰਘ ਲਾਲੀ, ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਯਾਦਵਿੰਦਰ ਸਿੰਘ ਯਾਦੂ, ਕੌਂਸਲਰ ਰਾਜਿੰਦਰ ਸਿੰਘ ਜੀਤ, ਕੌਂਸਲਰ ਸੁਨੀਲ ਕੁਮਾਰ ਨੀਟਾ, ਯੂਥ ਆਗੂ ਅਮਿਤ ਤਿਵਾੜੀ, ਕੌਂਸਲਰ ਰਵਿੰਦਰ ਬੱਬੂ ਪਹੰੰਚੇ। ਜੋ ਬਚਾਅ ਕਾਰਜਾਂ ਤੱਕ ਮੌਜਦੂ ਰਹੇ।

Posted By: Jagjit Singh