ਜੇਐੱਨਐੱਨ, ਲੁਧਿਆਣਾ : ਕੋਰੋਨਾ ਵਾਇਰਸ ਦੇ ਖ਼ੌਫ਼ ਦੌਰਾਨ ਸ਼ਹਿਰ ਅੰਦਰ 3 ਔਰਤਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 3 ਮ੍ਰਿਤਕ ਔਰਤਾਂ 'ਚ ਕੋਰੋਨਾ ਵਾਇਰਸ ਦੇ ਕੁਝ ਲੱਛਣ ਸਨ। ਔਰਤਾਂ ਨੂੰ ਕਫ ਦੇ ਨਾਲ-ਨਾਲ ਸਾਹ ਲੈਣ 'ਚ ਤਕਲੀਫ ਹੋਣ ਦੀ ਸ਼ਿਕਾਇਤ ਸੀ। ਅਜਿਹੇ ਵਿਚ ਸਿਹਤ ਵਿਭਾਗ ਨੇ ਵੀ ਇਨ੍ਹਾਂ ਲੱਛਣਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤਿੰਨਾਂ ਦੇ ਸੈਂਪਲ ਜਾਂਚ ਲਈ ਭੇਜੇ ਸਨ ਪਰ ਸੈਂਪਲ ਰਿਪੋਰਟ ਆਉਣ ਤੋਂ ਪਹਿਲਾਂ ਹੀ ਤਿੰਨ ਔਰਤਾਂ ਨੇ ਦਮ ਤੋੜ ਦਿੱਤਾ। ਜਿਸ ਕਾਰਨ ਬੁੱਧਵਾਰ ਨੂੰ ਹੜਕੰਪ ਮੱਚ ਗਿਆ।

ਜਾਣਕਾਰੀ ਮੁਤਾਬਕ ਪਹਿਲੀ ਮੌਤ ਫੋਰਟਿਸ ਹਸਪਤਾਲ ਵਿਚ ਹੋਈ। ਬਰਨਾਲਾ ਤੋਂ ਇਲਾਜ ਲਈ 55 ਸਾਲਾ ਸ਼ੱਕੀ ਔਰਤ ਨੂੰ 6 ਅਪ੍ਰੈਲ ਨੂੰ ਸਾਹ ਫੁੱਲਣ ਤੇ ਛਾਤੀ ਵਿਚ ਦਰਦ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਸ਼ੱਕੀ ਲੱਛਣਾ ਨੂੰ ਵੇਖਦੇ ਹੋਏ ਸਿਹਤ ਵਿਭਾਗ ਵਲੋਂ 7 ਅਪ੍ਰੈਲ ਨੂੰ ਸਵੇਰੇ ਉਸਦੇ ਸੈਂਪਲ ਜਾਂਚ ਲਈ ਲਏ ਗਏ ਸਨ ਪਰ ਇਸ ਤੋਂ ਪਹਿਲਾਂ ਕਿ ਰਿਪੋਰਟ ਆਉਂਦੀ, ਔਰਤ ਦੀ ਮੌਤ ਹੋ ਗਈ। ਸਿਹਤ ਵਿਭਾਗ ਨੇ ਔਰਤ ਦੀ ਰਿਪੋਰਟ ਆਉਣ ਤਕ ਲਾਸ਼ ਨੂੰ ਮੁਰਦਾਘਰ ਵਿਚ ਰਖਵਾ ਦਿੱਤਾ। ਔਰਤ ਦੇ ਪਰਿਵਾਰ ਵਿਚ ਪਤੀ ਤੇ ਇਕ ਬੇਟਾ ਹੈ। ਔਰਤ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕਾ ਨੂੰ ਸਾਹ ਲੈਣ ਵਿਚ 30 ਮਾਰਚ ਤੋਂ ਹੀ ਤਕਲੀਫ ਮਹਿਸੂਸ ਹੋ ਰਹੀ ਸੀ। 3 ਅਪ੍ਰੈਲ ਨੂੰ ਸਾਹ ਜ਼ਿਆਦਾ ਫੁੱਲਣ ਦੇ ਕਾਰਨ ਉਸਨੂੰ ਲੁਧਿਆਣਾ ਲਿਆਂਦਾ ਗਿਆ ਸੀ। ਉਥੇ ਹੀ ਦੂਜੀ ਮੌਤ ਸਿਵਲ ਹਸਪਤਾਲ ਵਿਚ ਹੋਈ। ਸਿਵਲ ਹਸਪਤਾਲ ਦੇ ਐਈਸੋਲੇਸ਼ਨ ਵਾਰਡ ਵਿਚ ਸੋਮਵਾਰ ਦੀ ਸਵੇਰ ਟਿੱਬਾ ਰੋਡ ਦੀ ਰਹਿਣ ਵਾਲੀ ਇਕ 65 ਸਾਲਾ ਔਰਤ ਨੂੰ ਦਾਖਲ ਕਰਵਾਇਆ ਗਿਆ ਸੀ। ਔਰਤ ਨੂੰ ਕਫ, ਖਾਂਸੀ ਤੇ ਸਾਹ ਲੈਣ ਵਿਚ ਤਕਲੀਫ ਸੀ ਜਿਸ ਕਾਰਨ ਡਾਕਟਰਾਂ ਨੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰ ਲਿਆ ਤੇ ਉਸਦੇ ਸੈਂਪਲ ਜਾਂਚ ਲਈ ਭੇਜ ਦਿੱਤੇ। ਜਾਣਕਾਰੀ ਮੁਤਾਬਕ ਔਰਤ ਨੂੰ ਬੁੱਧਵਾਰ ਸਵੇਰੇ ਕਾਰਡਿਕ ਅਰੈਸਟ ਹੋਇਆ ਤੇ ਉਸਨੇ ਦਮ ਤੋੜ ਦਿੱਤਾ। ਮਹਿਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ।

ਤੀਜੀ ਮੌਤ ਸਿਵਲ ਹਸਪਤਾਲ ਦੀ ਐਮਰਜੰਸੀ ਵਿਚ ਹੋਈ। ਜਾਣਕਾਰੀ ਮੁਤਾਬਕ ਬਾਵਾ ਕਾਲੋਨੀ ਦੀ ਰਹਿਣ ਵਾਲੀ 65 ਸਾਲਾ ਔਰਤ ਨੂੰ ਬੁੱਧਵਾਰ ਦੁਪਹਿਰ ਸਮੇਂ ਭਰਤੀ ਕਰਵਾਇਆ ਗਿਆ। ਔਰਤ ਦੇ ਸ਼ਰੀਰ ਵਿਚ ਆਕਸੀਜ਼ਨ ਦਾ ਲੈਵਲ 44 ਫੀਸਦੀ ਸੀ। ਜਦਕਿ ਬੀਪੀ ਤੇ ਪਲਸ ਰੇਟ ਰਿਕਾਰਡ ਹੀ ਨਹੀਂ ਹੋ ਰਹੀ ਸੀ। ਜਿਸ ਤੋਂ ਬਾਅਦ ਔਰਤ ਨੂੰ ਤੁਰੰਤ ਆਕਸੀਜਨ ਦਿੱਤੀ ਗਈ। ਔਰਤ ਦੇ ਪੁੱਤਰ ਨੇ ਦੱਸਿਆ ਕਿ ਉਸਨੂੰ ਪੰਜ ਦਿਨ ਤੋਂ ਕਫ ਤੇ ਤਿੰਨ ਦਿਨ ਤੋਂ ਸਾਹ ਲੈਣ ਵਿਚ ਤਕਲੀਫ ਸੀ। ਇਸ ਵਿਚਕਾਰ ਐਮਰਜੰਸੀ ਸਟਾਫ ਵਲੋਂ ਔਰਤ ਦੇ ਸੈਂਪਲ ਜਾਂਚ ਲਈ ਲਏ ਗਏ। ਕਰੀਬ ਇਕ ਵਜੇ ਔਰਤ ਦੀ ਮੌਤ ਹੋ ਗਈ। ਹਸਪਤਾਲ ਸਟਾਫ ਨੇ ਪ੍ਰੋਟੋਕੋਲ ਦੇ ਤਹਿਤ ਹਾਈ ਕੁਆਲਟੀ ਸੀਪੀਆਰ ਦਿੱਤਾ ਪਰ ਔਰਤ ਨੂੰ ਬਚਾਇਆ ਨਹੀਂ ਜਾ ਸਕਿਆ। ਸਿਵਲ ਹਸਪਤਾਲ ਵਿਚ ਦਾਖਲ ਕਰਵਾਏ ਜਾਣ ਤੋਂ ਪਹਿਲਾਂ ਔਰਤ ਨੂੰ ਬਸਤੀ ਜੋਧੇਵਾਲ ਸਥਿਤ ਸੁਭਾਸ਼ ਨਗਰ ਦੀ ਗਲੀ ਨੰਬਰ 5 ਸਥਿਤ ਇਕ ਪ੍ਰਾਇਵੇਟ ਹਸਪਤਾਲ ਵਿਚ ਲੈ ਜਾਇਆ ਗਿਆ ਸੀ।

Posted By: Seema Anand