ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਹੈਰੋਇਨ ਦੀ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਐੱਸਟੀਐੱਫ਼ ਲੁਧਿਆਣਾ ਦੀ ਟੀਮ ਨੇ ਤਿੰਨ ਮੁਲਜ਼ਮਾਂ ਦੇ ਕਬਜ਼ੇ ਚੋਂ 2 ਕਿਲੋ 550 ਗ੍ਰਾਮ ਹੈਰੋਇਨ, 5 ਕਿੱਲੋ ਅਫੀਮ, ਡਰੱਗ ਮਨੀ ਅਤੇ ਸਵਿਫਟ ਕਾਰ ਬਰਾਮਦ ਕੀਤੀ ਹੈ। ਐੱਸਟੀਐੱਫ ਲੁਧਿਆਣਾ ਦੇ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਤਜੋਤ ਨਗਰ ਦੇ ਵਾਸੀ ਮੰਗਤ ਸਿੰਘ, ਦੁੱਗਰੀ ਦੇ ਵਾਸੀ ਸਤਿੰਦਰ ਸਿੰਘ ਅਤੇ ਬਰੇਲੀ ਦੇ ਰਹਿਣ ਵਾਲੇ ਮਧੁਰ ਗੁਪਤਾ ਵਜੋਂ ਹੋਈ ਹੈ।

ਐੱਸਟੀਐੱਫ ਦੀ ਟੀਮ ਨੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।ਜਾਣਕਾਰੀ ਦਿੰਦਿਆਂ ਐੱਸ ਟੀ ਐੱਫ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਮੰਗਤ ਸਿੰਘ ਹੈਰੋਇਨ ਦੀ ਸਪਲਾਈ ਕਰਦਾ ਹੈ। ਸੂਚਨਾ ਤੋਂ ਬਾਅਦ ਪੁਲੀਸ ਨੇ ਕੈਂਸਰ ਹਸਪਤਾਲ ਦੇ ਲਾਗੇ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਤੇ ਉਸ ਦੀ ਤਲਾਸ਼ੀ ਦੇ ਦੌਰਾਨ ਪਿੱਠੂ ਬੈਗ ਵਿੱਚੋਂ 1 ਕਿਲੋ 50 ਗਰਾਮ ਹੈਰੋਇਨ ਅਤੇ 1 ਕਿਲੋ 500 ਗਰਾਮ ਅਫੀਮ ਬਰਾਮਦ ਕੀਤੀ ਗਈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ 14500 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ।

ਪੁੱਛਗਿੱਛ ਦੇ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਪ੍ਰਾਪਰਟੀ ਦਾ ਕੰਮ ਕਰਦਾ ਸੀ। ਮੁਲਜ਼ਮ ਦੇ ਖਿਲਾਫ ਪਹਿਲਾਂ ਤੋਂ ਹੀ ਅਸਲਾ ਐਕਟ ਅਤੇ ਗੈਂਬਲਿੰਗ ਐਕਟ ਦਾ ਮੁਕੱਦਮੇ ਦਰਜ ਹਨ। ਪੁੱਛਗਿੱਛ ਦੇ ਦੌਰਾਨ ਮੁਲਜ਼ਮ ਨੇ ਇਹ ਵੀ ਮੰਨਿਆ ਕਿ ਉਹ ਪਿਛਲੇ ਚਾਰ ਸਾਲ ਤੋਂ ਅਫ਼ੀਮ ਅਤੇ ਹੈਰੋਇਨ ਦਾ ਨਾਜਾਇਜ਼ ਧੰਦਾ ਕਰ ਰਿਹਾ ਹੈ । ਖ਼ੁਦ ਵੀ ਅਫ਼ੀਮ ਦਾ ਸੇਵਨ ਕਰਨ ਵਾਲੇ ਮੁਲਜ਼ਮ ਕੋਲੋਂ ਜਦ ਤਿੰਨ ਦਿਨ ਦੇ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਗਈ ਤਾਂ ਇਸ ਕੇਸ ਦੇ ਕਈ ਸਾਰੇ ਤੱਥ ਹੋਰ ਸਾਹਮਣੇ ਆਏ ।

ਵਸੀਕਾ ਨਵੀਸ ਕੋਲੋਂ ਹੋਈ ਅੱਧਾ ਕਿਲੋ ਅਫੀਮ ਬਰਾਮਦ

ਪੁੱਛਗਿੱਛ ਤੋਂ ਬਾਅਦ ਉਹ ਪੁਲਿਸ ਨੇ ਦੁੱਗਰੀ ਦੇ ਰਹਿਣ ਵਾਲੇ ਵਸੀਕਾ ਨਵੀਸ ਸਤਿੰਦਰ ਦੇ ਘਰ ਵਿਚ ਬਣੇ ਦਫਤਰ ਤੇ ਛਾਪਾਮਾਰੀ ਕਰ ਕੇ ਅੱਧਾ ਕਿਲੋ ਅਫੀਮ ਬਰਾਮਦ ਕੀਤੀ। ਪੁੱਛਗਿੱਛ ਦੇ ਦੌਰਾਨ ਸਤਿੰਦਰ ਨੇ ਦੱਸਿਆ ਕਿ ਉਹ ਪਿਛਲੇ ਪੰਦਰਾਂ ਸਾਲ ਤੋਂ ਅਫ਼ੀਮ ਦਾ ਸੇਵਨ ਕਰ ਰਿਹਾ ਹੈ। ਪੁਲਿਸ ਨੇ ਜਦ ਮੁਲਜ਼ਮ ਮੰਗਤ ਤੇ ਸਿੰਘ ਕੋਲੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਬਰੇਲੀ ਦਾ ਰਹਿਣ ਵਾਲਾ ਮਧੁਰ ਗੁਪਤਾ ਵੀ ਇਸ ਕਾਲੇ ਕਾਰੋਬਾਰ ਦਾ ਹਿੱਸਾ ਹੈ ।

ਕਾਰ ਅੱਗੇ ਕਰਾਈਮ ਇੰਟੈਲੀਜੈਂਸ ਫੋਰਸ ਲਿਖ ਕੇ ਕਰਦਾ ਸੀ ਹੈਰੋਇਨ ਦੀ ਤਸਕਰੀ

ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਮਧੁਰ ਗੁਪਤਾ ਸਵਿਫਟ ਕਾਰ ਤੇ ਸਵਾਰ ਹੋ ਕੇ ਪਟਿਆਲਾ ਤੋਂ ਲੁਧਿਆਣਾ ਆ ਰਿਹਾ ਹੈ ।ਪੁਲਿਸ ਨੇ ਨਾਕਾਬੰਦੀ ਕਰਕੇ ਮੁਲਜ਼ਮ ਮਧੁਰ ਗੁਪਤਾ ਨੂੰ ਗ੍ਰਿਫਤਾਰ ਕੀਤਾ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਆਪਣੀ ਸਵਿਫਟ ਕਾਰ ਉਪਰ ਕਰਾਈਮ ਇੰਟੈਲੀਜੈਂਸ ਫੋਰਸ ਦਾ ਲੋਗੋ ਲਗਾਇਆ ਸੀ। ਤਲਾਸ਼ੀ ਦੇ ਦੌਰਾਨ ਪੁਲੀਸ ਨੇ ਮੁਲਜ਼ਮ ਦੀ ਕਾਰ ਦੀ ਡਿੱਕੀ ਚੋਂ ਡੇਢ ਕਿਲੋ ਹੈਰੋਇਨ ਅਤੇ ਤਿੰਨ ਕਿਲੋ ਅਫੀਮ ਬਰਾਮਦ ਕੀਤੀ।

ਮੁੱਢਲੀ ਪੁੱਛਗਿੱਛ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਰੋਹਲਖੰਡ ਯੂਨੀਵਰਸਿਟੀ ਤੋਂ ਬੀ ਕਾਮ ਦੀ ਪੜ੍ਹਾਈ ਕਰ ਰਿਹਾ ਹੈ। ਉਸ ਦੇ ਖਿਲਾਫ ਪਹਿਲਾਂ ਵੀ ਇਕ ਅਪਰਾਧਕ ਮੁਕੱਦਮਾ ਦਰਜ ਹੈ। ਪੁੱਛਗਿਛ ਦੇ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਕਾਰ ਉੱਪਰ ਕ੍ਰਾਈਮ ਇੰਟੈਲੀਜੈਂਸ ਫੋਰਸ ਦਾ ਸਟੀਕਰ ਪੁਲਿਸ ਦੇ ਨਾਕਿਆਂ ਤੋਂ ਬਚਣ ਲਈ ਲਗਾਇਆ ਹੋਇਆ ਹੈ। ਐੱਸਟੀਐੱਫ ਦੀ ਟੀਮ ਨੇ ਇਸ ਗਿਰੋਹ ਦਾ ਪਰਦਾਫਾਸ਼ ਕਰਦਿਆਂ ਢਾਈ ਕਿਲੋ ਤੋਂ ਉਪਰ ਹੈਰੋਇਨ 5 ਕਿਲੋ ਅਫੀਮ 66 ਹਜ਼ਾਰ 500 ਰੁਪਏ ਦੀ ਡਰੱਗ ਮਨੀ ਅਤੇ ਸਵਿਫਟ ਕਾਰ ਬਰਾਮਦ ਕੀਤੀ ਹੈ।

Posted By: Jagjit Singh