ਸਟਾਫ਼ ਰਿਪੋਰਟਰ, ਖੰਨਾ : ਨਕਲੀ ਨੋਟ ਛਾਪਣ ਅਤੇ ਸਪਲਾਈ ਕਰਨ ਦੇ ਮਾਮਲੇ ਵਿਚ ਖੰਨਾ ਪੁਲਿਸ ਨੇ 3 ਅਨਸਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਆਪਣੇ ਆਪ ਹੀ ਨੋਟ ਛਾਪ ਕੇ ਸਪਲਾਈ ਕਰ ਰਹੇ ਸਨ। ਇਨ੍ਹਾਂ ਅਨਸਰਾਂ ਕੋਲੋਂ ਨੋਟ ਛਾਪਣ ਦਾ ਸਾਮਾਨ ਤੇ ਨਕਲੀ ਕਰੰਸੀ ਬਰਾਮਦ ਕੀਤੀ ਗਈ ਹੈ।

ਡੀਐੱਸਪੀ ਖੰਨਾ ਰਾਜਨ ਪਰਮਿੰਦਰ ਸਿੰਘ ਤੇ ਡੀਐੱਸਪੀ (ਆਈ) ਮਨਮੋਹਨ ਸਰਨਾ ਨੇ ਸੋਮਵਾਰ ਨੂੰ ਪ੍ਰਰੈੱਸ ਕਾਨਫ਼ਰੰਸ ਵਿਚ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਮਿਲਟਰੀ ਗਰਾਊਂਡ ਖੰਨੇ ਤੋਂ ਤਿੰਨ ਜਣਿਆਂ ਨੂੰ ਕਾਬੂ ਕੀਤਾ, ਜਿਨ੍ਹਾਂ ਦੇ ਕੋਲੋਂ 3 ਲੱਖ 4 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਆਸ਼ੂ ਪੁੱਤਰ ਦਵਿੰਦਰ ਸਿੰਘ ਵਾਸੀ ਵਾਰਡ ਨੰਬਰ 16, ਕ੍ਰਿਸ਼ਨਾ ਨਗਰ ਖੰਨਾ, ਮਨਦੀਪ ਸਿੰਘ ਮਨੀ ਪੁੱਤਰ ਭੋਲਾ ਵਾਸੀ ਬਸੰਤ ਨਗਰ ਖੰਨਾ ਤੇ ਵਿਕਾਸ ਵਿੱਕੀ ਵਾਸੀ ਵਾਰਡ 20 ਉੱਤਮ ਨਗਰ ਖੰਨਾ ਵਜੋਂ ਹੋਈ ਹੈ। ਡੀਐੱਸਪੀ ਰਾਜਨ ਪਰਮਿੰਦਰ ਸਿੰਘ ਤੇ ਮਨਮੋਹਨ ਸਰਨਾ ਨੇ ਦੱਸਿਆ ਕਿ ਮੁਲਜ਼ਮ ਕਿਰਾਏ ਦਾ ਮਕਾਨ ਲੈ ਕੇ ਉੱਥੇ ਨੋਟ ਛਾਪਦੇ ਸਨ। ਉਹ ਸਕੈਨਰ ਤੇ ਪਿ੍ਰੰਟਰ ਦੀ ਵਰਤੋਂ ਕਰਦੇ ਸਨ। ਪੁਲਿਸ ਨੂੰ ਸੂਚਨਾ ਮਿਲੀ ਕਿ ਮਿਲਟਰੀ ਗਰਾਊਂਡ ਦੇ ਮੰਦਰ ਕੋਲ ਇਹ ਵਿਅਕਤੀ ਜਾਅਲੀ ਨੋਟ ਲੈ ਕੇ ਗਾਹਕ ਦਾ ਇੰਤਜ਼ਾਰ ਕਰ ਰਹੇ ਹਨ। ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਤੇ ਜਾਅਲੀ ਕਰੰਸੀ ਬਰਾਮਦ ਕਰ ਲਈ।

ਛੇ ਮਹੀਨਿਆਂ ਤੋਂ ਛਾਪ ਰਹੇ ਸਨ ਨੋਟ

ਮੁਲਜ਼ਮ ਪਿਛਲੇ ਛੇ ਮਹੀਨਿਆਂ ਤੋਂ ਜਾਅਲੀ ਨੋਟ ਛਾਪ ਰਹੇ ਸਨ। ਪੁਲਿਸ ਹੁਣ ਇਹ ਛਾਣਬੀਣ ਕਰ ਰਹੀ ਹੈ ਕਿ ਇਸ ਗਿਰੋਹ ਵਿਚ ਹੋਰ ਕਿਹੜੇ ਅਨਸਰ ਸ਼ਾਮਿਲ ਹਨ ਤੇ ਨੋਟ ਛਾਪ ਕੇ ਕਿਨ੍ਹਾਂ ਲੋਕਾਂ ਨੂੰ ਅੱਗੇ ਸਪਲਾਈ ਕਰਦੇ ਸਨ।