ਐੱਸਪੀ ਜੋਸ਼ੀ, ਲੁਧਿਆਣਾ : ਸਪੈਸ਼ਲ ਟਾਸਕ ਫੋਰਸ ਲੁਧਿਆਣਾ ਦੀ ਟੀਮ ਨੇ ਨਸ਼ਾ ਸਮੱਗਲਿੰਗ ਦੇ ਇਕ ਨੈੱਟਵਰਕ ਨੂੰ ਤੋੜਦਿਆਂ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ।

ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 835 ਗ੍ਰਾਮ ਹੈਰੋਇਨ, ਡਰੱਗ ਮਨੀ ਤੇ ਇਲੈਕਟ੍ਰਾਨਿਕ ਕੰਡਾ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਿਸ਼ਾਲ ਕੁਮਾਰ, ਰੋਹਿਤ ਅਤੇ ਦਵਿੰਦਰ ਸਿੰਘ ਵਜੋਂ ਹੋਈ ਹੈ।

ਸਪੈਸ਼ਲ ਟਾਸਕ ਫੋਰਸ ਲੁਧਿਆਣਾ ਦੇ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਤਿੰਨੋਂ ਕਥਿਤ ਮੁਲਜ਼ਮ ਲੰਮੇ ਸਮੇਂ ਤੋਂ ਮਹਾਨਗਰ ਅਤੇ ਨੇੜਲੇ ਇਲਾਕਿਆਂ ਵਿਚ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ, ਜੋ ਅੱਜ ਸਕੂਟਰੀ 'ਤੇ ਮੁਲਜ਼ਮ ਵਿਸ਼ਾਲ ਕੁਮਾਰ ਦੇ ਘਰੋਂ ਡਾਬਾ ਵੱਲ ਜਾਣਗੇ।

ਇਸ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਡਾਬਾ ਕਾਲੋਨੀ ਕੋਲੋਂ ਤਿੰਨਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਨੇ ਸਕੂਟਰੀ ਵਿਚੋਂ 835 ਗ੍ਰਾਮ ਹੈਰੋਇਨ, 30 ਹਜ਼ਾਰ ਰੁਪਏ, ਇਕ ਇਲੈਕਟ੍ਰੋਨਿਕ ਕੰਡਾ ਅਤੇ 100 ਖਾਲੀ ਛੋਟੇ ਲਿਫ਼ਾਫ਼ੇ ਬਰਾਮਦ ਕੀਤੇ।

ਅਮੀਰ ਬਣਨ ਦੇ ਲਾਲਚ ਨੇ ਬਣਾਇਆ ਨਸ਼ਾ ਸਮੱਗਲਰ

ਇੰਸਪੈਕਟਰ ਹਰਬੰਸ ਸਿੰਘ ਮੁਤਾਬਕ ਗਿ੍ਫ਼ਤਾਰ ਕੀਤੇ ਗਏ ਵਿਸ਼ਾਲ ਕੁਮਾਰ ਅਤੇ ਰੋਹਿਤ ਪਹਿਲਾਂ ਢੋਲੇਵਾਲ ਮਿਲਟਰੀ ਕੈਂਪ 'ਚ ਸਫ਼ਾਈ ਦਾ ਕੰਮ ਕਰਦੇ ਸਨ ਅਤੇ ਪਿਛਲੇ ਦੋ ਮਹੀਨੇ ਤੋਂ ਵਿਸ਼ਾਲ ਵਿਹਲਾ ਸੀ, ਜਦਕਿ ਤੀਜਾ ਕਥਿਤ ਮੁਲਜ਼ਮ ਦਵਿੰਦਰ ਸਿੰਘ ਲੇਬਰ ਦਾ ਕੰਮ ਕਰਦਾ ਹੈ।

ਸ਼ਾਹੀ ਜ਼ਿੰਦਗੀ ਜੀਊਣ ਅਤੇ ਜਲਦੀ ਅਮੀਰ ਹੋਣ ਦੇ ਲਾਲਚ ਵਿਚ ਤਿੰਨਾਂ ਨੇ ਕਰੀਬ ਦੋ ਸਾਲ ਪਹਿਲਾਂ ਹੈਰੋਇਨ ਵੇਚਣ ਦਾ ਧੰਦਾ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਇਹ ਤਿੰਨੋਂ ਲੁਧਿਆਣਾ ਦੇ ਹੀ ਰਹਿਣ ਵਾਲੇ ਸਾਹਿਲ ਨਾਂ ਦੇ ਨਸ਼ਾ ਸਮੱਗਲਰ ਕੋਲੋਂ ਹੈਰੋਇਨ ਥੋਕ ਦੇ ਭਾਅ ਲਿਆ ਕੇ ਆਪਣੇ ਗਾਹਕਾਂ ਨੂੰ ਪਰਚੂਨ ਦੇ ਭਾਅ ਵੇਚਣ ਦੀ ਤਿਆਰੀ ਵਿਚ ਸਨ।