ਜੇਐੱਨਐੱਨ, ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿਆਰ ਕੀਤੀ ਗਈ ਅਰਬਨ ਰੀਨਿਊਲ ਐਂਡ ਰਿਫਾਰਮਸ ਕਮੇਟੀ 'ਚ ਵਿਕਾਸ ਨੂੰ ਲੈ ਕੇ ਲੁਧਿਆਣਾ ਤੋਂ ਮੇਅਰ ਬਲਕਾਰ ਸਿੰਘ ਸੰਧੂ ਤੋਂ ਇਲਾਵਾ ਇਕਲੌਤੇ ਵਿਧਾਇਕ ਸੁਰਿੰਦਰ ਡਾਵਰ ਮੈਂਬਰ ਹਨ। ਮੰਗਲਵਾਰ ਨੂੰ ਮੁੱਖ ਮੰਤਰੀ ਨੇ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਹੋਰ ਮੰਤਰੀ ਤੇ ਕਮੇਟੀ ਦੇ ਮੈਂਬਰਾਂ ਦੇ ਨਾਲ ਚੰਡੀਗੜ੍ਹ 'ਚ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਿਧਾਇਕ ਸੁਰਿੰਦਰ ਡਾਵਰ ਨੇ ਲੁਧਿਆਣਾ ਸਮਾਰਟ ਸਿਟੀ ਨੂੰ ਨਿਸ਼ਾਨਾ ਬਣਾਇਆ। ਡਾਵਰ ਨੇ ਮੀਟਿੰਗ 'ਚ ਮੁੱਖ ਮੰਤਰੀ ਦੇ ਸਾਹਮਣੇ ਸ਼ਹਿਰ ਦੇ ਤਿੰਨ ਹਲਕੇ ਵਿਧਾਨ ਸਭਾ ਸੈਂਟਰਲ, ਵਿਧਾਨ ਸਭਾ ਨਾਰਥ ਤੇ ਵਿਧਾਨ ਸਭਾ ਈਸਟ 'ਚ ਵਿਕਾਸ ਨਾ ਹੋਣ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ। ਡਾਵਰ ਨੇ ਕਿਹਾ ਕਿ ਸਮਾਰਟ ਸਿਟੀ ਸਿਰਫ਼ ਫਿਰੋਜ਼ਪੁਰ ਰੋਡ ਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਤਕ ਸੀਮਤ ਰਹਿ ਗਿਆ ਹੈ। ਤਿੰਨੋਂ ਹਲਕਿਆਂ 'ਚ ਪਿਛਲੇ ਕਾਫ਼ੀ ਸਮੇਂ ਤੋਂ ਕਿਸੇ ਵੀ ਪ੍ਰਰਾਜੈਕਟ 'ਤੇ ਕੋਈ ਕੰਮ ਨਹੀਂ ਹੋ ਰਿਹਾ। ਸਗੋਂ ਕੇਂਦਰ ਸਰਕਾਰ ਦੀ ਅਮਰੂਤ ਸਕੀਮ 'ਤੇ ਵੀ ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਜੇਕਰ ਸੂਬਾ ਸਰਕਾਰ ਅਮਰੂਤ ਸਕੀਮ 'ਤੇ ਕੰਮ ਕਰੇ, ਤਾਂ ਪਿਛਲੇ 50 ਤੋਂ 60 ਸਾਲ ਪੁਰਾਣੇ ਸੀਵਰੇਜ ਨੂੰ ਬਦਲਿਆ ਜਾ ਸਕੇਗਾ, ਜਿਸ ਨਾਲ ਸ਼ਹਿਰਵਾਸੀਆਂ ਨੂੰ ਸਾਫ਼ ਪੀਣਯੋਗ ਪਾਣੀ ਵੀ ਮਿਲੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਦੌਰਾਨ ਸਾਰੇ ਮੁੱਦਿਆਂ 'ਤੇ ਜਲਦ ਹੀ ਵਿਚਾਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਪੂਰੇ ਜ਼ਿਲ੍ਹੇ 'ਚ ਵਿਕਾਸ ਕਾਰਜ ਸ਼ੁਰੂ ਹੋ ਜਾਵੇਗਾ।

-ਡਾਵਰ ਨੇ ਕੀਤੀ ਕੰਪੈਕਟਰ ਦੀ ਵੀ ਮੰਗ

ਵਿਧਾਇਕ ਡਾਵਰ ਨੇ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਤਿੰਨ ਹਲਕੇ ਵਿਧਾਨ ਸਭਾ ਸੈਂਟਰਲ, ਵਿਧਾਨ ਸਭਾ ਨਾਰਥ ਤੇ ਵਿਧਾਨ ਸਭਾ ਈਸਟ 'ਚ ਕੂੜੇ ਦੇ ਡੰਪ ਨੂੰ ਲੈ ਕੇ ਕੋਈ ਵੀ ਪ੍ਰਬੰਧ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ 24 ਦੇ ਕਰੀਬ ਕੰਪੈਕਟਰ ਮਿਲੇ ਸਨ, ਪਰ ਤਿੰਨਾਂ ਹਲਕਿਆਂ ਨੂੰ ਗੰਦਗੀ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਨੇ ਮੀਟਿੰਗ 'ਚ ਕਿਹਾ ਕਿ ਕੂੜਾ ਚੁੱਕਣ ਲਈ ਏਟੂਜ਼ੈੱਡ ਕੰਪਨੀ ਕੰਮ ਕਰਦੀ ਹੈ ਤੇ ਇਸ ਕੰਪਨੀ ਦੇ ਮੁਲਾਜ਼ਮ ਸ਼ਨਿੱਚਰਵਾਰ ਤੇ ਐਤਵਾਰ ਨੂੰ ਛੁੱਟੀ 'ਤੇ ਰਹਿੰਦੇ ਹਨ। ਜਿਸ ਕਾਰਨ ਵੀ ਗੰਦਗੀ ਨੂੰ ਲੈ ਕੇ ਕਾਫ਼ੀ ਪਰੇਸ਼ਾਨੀ ਰਹਿੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਤਿੰਨਾਂ ਹਲਕਿਆਂ ਨੂੰ ਜਲਦ ਤੋਂ ਜਲਦ ਕੰਪੈਕਟਰ ਦਿੱਤਾ ਜਾਵੇ, ਤਾਂ ਕਿ ਲੋਕਾਂ ਨੂੰ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਹਾਲੇ ਤਕ ਤਿੰਨੋਂ ਹਲਕਿਆਂ 'ਚ ਸਿਰਫ਼ ਐੱਲਈਡੀ ਹੀ ਮਿਲ ਸਕੀ ਹੈ।

-ਬੁੱਢਾ ਨਾਲ਼ੇ ਦੇ ਆਲੇ-ਦੁਆਲੇ ਬਣੇ ਕੰਧ

ਮੀਟਿੰਗ ਦੌਰਾਨ ਵਿਧਾਇਕ ਸੁਰਿੰਦਰ ਡਾਵਰ ਨੇ ਬੁੱਢਾ ਨਾਲ਼ੇ ਨੂੰ ਲੈ ਕੇ ਵੀ ਮੁੱਦਾ ਚੁੱਕਿਆ। ਡਾਵਰ ਨੇ ਕਿਹਾ ਕਿ ਬੁੱਢਾ ਨਾਲ਼ਾ ਪਿਛਲੇ ਕਈ ਸਾਲਾਂ ਤੋਂ ਬਿਮਾਰੀ ਦਾ ਘਰ ਬਣ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਬਿਮਾਰੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੁੱਢਾ ਨਾਲ਼ੇ ਨੂੰ ਸਾਫ਼ ਬਣਾਉਣ ਲਈ ਅਹਿਮ ਕਦਮ ਚੁੱਕਣੇ ਜ਼ਰੂਰੀ ਹੋ ਗਏ ਹਨ। ਇਸ ਲਈ ਪਹਿਲਾ ਕਦਮ ਬੁੱਢਾ ਨਾਲ਼ਾ ਦੇ ਆਲੇ-ਦੁਆਲੇ ਕੰਧ ਤਿਆਰ ਕਰ ਦੇਣੀ ਚਾਹੀਦੀ ਹੈ, ਤਾਂ ਕਿ ਲੋਕ ਇਸ ਨਾਲੇ 'ਚ ਗੰਦਗੀ ਨਾ ਸੁੱਟ ਸਕਣ। ਇਸ ਤੋਂ ਇਲਾਵਾ ਬੁੱਢਾ ਨਾਲ਼ੇ ਨੂੰ ਸਾਫ਼ ਕਰਨ ਲਈ ਸਰਕਾਰ ਵੱਲੋਂ ਅਹਿਮ ਕਦਮ ਜਲਦ ਤੋਂ ਜਲਦ ਚੁੱਕਣੇ ਚਾਹੀਦੇ ਹਨ, ਜਿਸ ਕਰ ਕੇ ਲੋਕਾਂ ਨੂੰ ਸਾਫ਼ ਪੀਣਯੋਗ ਪਾਣੀ ਮਿਲ ਸਕੇਗਾ।

-ਹਲਕੇ 'ਚ ਹਾਲੇ ਤਕ ਨਹੀਂ ਬਣੇ ਪੰਜ ਸਮਾਰਟ ਪਾਰਕ

ਵਿਧਾਇਕ ਡਾਵਰ ਨੇ ਮੀਟਿੰਗ ਦੌਰਾਨ ਕਿਹਾ ਕਿ 2016 'ਚ ਸਮਾਰਟ ਸਿਟੀ ਦਾ ਪ੍ਰਰਾਜੈਕਟ ਆਇਆ ਸੀ। ਇਸ ਦੌਰਾਨ ਉਨ੍ਹਾਂ ਦੇ ਹਲਕਿਆਂ 'ਚ ਪੰਜ-ਪੰਜ ਸਮਾਰਟ ਪਾਰਟ ਤਿਆਰ ਕੀਤੇ ਜਾਣੇ ਸਨ। ਜਿਸ ਲਈ ਸ਼ੁਰੂਆਤੀ ਦਿਨਾਂ 'ਚ ਮਾਮੂਲੀ ਕੰਮ ਵੀ ਸ਼ੁਰੂ ਹੋ ਗਿਆ, ਪਰ ਉਸ ਤੋਂ ਬਾਅਦ ਕਿਸੇ ਵੀ ਪਾਰਕ 'ਤੇ ਕੋਈ ਵੀ ਕੰਮ ਨਹੀਂ ਹੋਇਆ ਤੇ ਇਕ ਵੀ ਪਾਰਕ ਸਮਾਰਟ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਨੂੰ ਲੈ ਕੇ ਸਾਰੇ ਵਿਧਾਨ ਸਭਾ ਖੇਤਰਾਂ 'ਚ ਕੰਮ ਹੋਣਾ ਚਾਹੀਦਾ ਹੈ, ਤਾਂ ਕਿ ਲੋਕਾਂ ਨੂੰ ਸਮਾਰਟ ਸਿਟੀ ਦੇ ਮੁਤਾਬਕ ਮੁੱਢਲੀਆਂ ਸਹੂਲਤਾਂ ਮਿਲ ਸਕਣ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਨੂੰ ਲੈ ਕੇ ਵੀ ਵਿਧਾਇਕ ਡਾਵਰ ਨੇ ਮੁੱਦਾ ਚੁੱਕਿਆ।