ਜਾਸ, ਲੁਧਿਆਣਾ : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਸਿੰਘ ਨਾਲ ਦੀਪ ਸਿੱਧੂ ਨੂੰ ਵੀ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਵੀ ਪਹਿਲਾਂ ਮੋਟਰਸਾਈਕਲ ’ਤੇ ਭੱਜਿਆ ਸੀ ਤੇ ਹੁਣ ਅੰਮ੍ਰਿਤਪਾਲ ਸਕੂਟਰੀ ’ਤੇ ਭੱਜਿਆ ਹੈ। ਉਹ ਵੀ ਕਿਸੇ ਟਾਇਲਟ ’ਚ ਲੁਕਿਆ ਬੈਠਾ ਹੋਵੇਗਾ ਤੇ ਛੇਤੀ ਹੀ ਬਾਹਰ ਆ ਜਾਵੇਗਾ। ਅੰਮ੍ਰਿਤਪਾਲ ਸ਼ਰੇਆਮ ਕਹਿੰਦਾ ਸੀ ਕਿ ਪੁਲਿਸ ’ਚ ਹਿੰਮਤ ਹੈ ਤਾਂ ਉਸ ਨੂੰ ਗਿ੍ਰਫਤਾਰ ਕਰੇ ਤੇ ਜਦੋਂ ਗਿ੍ਰਫਤਾਰ ਕਰਨ ਪੁੱਜੀ ਤਾਂ ਪਹਿਲਾਂ ਮਰਸੀਡੀਜ਼ ’ਚ ਤੇ ਫਿਰ ਸਕੂਟਰੀ ’ਤੇ ਭੱਜ ਗਿਆ।
ਬਿੱਟੂ ਨੇ ਕਿਹਾ ਕਿ ਸਰਕਾਰ ਨੇ ਅੰਮ੍ਰਿਤਪਾਲ ਦੀ ਗਿ੍ਰਫਤਾਰੀ ’ਤੇ ਹਾਲਾਤ ਵਿਗੜਨ ਦਾ ਖਦਸ਼ਾ ਪ੍ਰਗਟਾਇਆ ਸੀ, ਪਰ ਚਾਰ ਦਿਨ ਹੋ ਗਏ, ਜਿਹੜੇ ਲੋਕ ਕਹਿੰਦੇ ਸੀ ਕਿ ਮਰਾਂਗੇ ਤੇਰੇ ਨਾਲ ਉਹ ਬਾਹਰ ਹੀ ਨਹੀਂ ਨਿਕਲ ਰਹੇ। ਜੋ ਆਪਣੇ ਆਪ ਨੂੰ ਬੱਬਰ ਸ਼ੇਰ ਕਹਿੰਦਾ ਸੀ, ਅੱਜ ਚੂਹਾ ਬਣ ਕੇ ਬੈਠਾ ਹੈ। ਉਸਨੇ ਭੱਜ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਸ਼ੇਰ ਦੀ ਖਲ ’ਚ ਗਿੱਦੜ ਹੈ। ਸੰਸਦ ਬਿੱਟੂ ਅੰਮ੍ਰਿਤਪਾਲ ਨੂੰ ਲੈ ਕੇ ਚੱਲ ਰਹੀ ਉਥਲ-ਪੁਥਲ ’ਚ ਇੰਟਰਨੈੱਟ ਮੀਡੀਆ ’ਤੇ ਆਪਣੀ ਪ੍ਰਤੀਕਿਰਿਆ ਲਗਾਤਾਰ ਪ੍ਰਗਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੀ ਗਿ੍ਰਫਤਾਰੀ ਤੋਂ ਬਾਅਦ ਉਸਦੇ ਸਮਰਥਕਾਂ ਨੇ ਖੇਤਾਂ ਦੀ ਫਸਲ ਤਕ ਦੱਬ ਦਿੱਤੀ। ਹੁਣ ਸਰਕਾਰ ਤੇ ਵਿਦੇਸ਼ਾਂ ’ਚ ਬੈਠੇ ਗਰਮ ਖਿਆਲੀਆਂ ਦੇ ਆਕਾਵਾਂ ਨੂੰ ਅਪੀਲ ਕਰਦਾ ਹਾਂ ਕਿ ਕਿਸਾਨਾਂ ਨੂੰ ਹੁਣ ਮੁਆਵਜ਼ਾ ਦਿਓ। ਜਿਹੜਾ ਪੈਸਾ ਅੱਤਵਾਦ ਫੈਲਾਉਣ ਲਈ ਭੇਜਦੇ ਰਹੇ, ਹੁਣ ਕਿਸਾਨਾਂ ਦੀ ਮਦਦ ਲਈ ਭੇਜਣ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇ ਅਸੀਂ ਸਰਕਾਰ ਦੇ ਗਲਤ ਫੈਸਲਿਆਂ ਦਾ ਵਿਰੋਧ ਕਰਦੇ ਹਾਂ ਤਾਂ ਉਨ੍ਹਾਂ ਦੇ ਚੰਗੇ ਫੈਸਲਿਆਂ ਦਾ ਸਵਾਗਤ ਵੀ ਕਰਦੇ ਹਾਂ।
ਗੈਂਗਸਟਰਾਂ ’ਤੇ ਤੰਜ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਖਿਲਾਫ ਕਾਰਵਾਈ ਨਹੀਂ ਕੀਤੀ ਤੇ ਹੁਣ ਉਹ ਜੇਲ੍ਹਾਂ ’ਚ ਬੈਠ ਕੇ ਲੋਕਾਂ ਨੂੰ ਮਰਵਾ ਰਹੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਜਿਸ ਕਾਨੂੰਨ ਨੂੰ ਅੰਮ੍ਰਿਤਪਾਲ ਮੰਨਣ ਤੋਂ ਇਨਕਾਰ ਕਰਦਾ ਸੀ, ਉਸੇ ਕਾਨੂੰਨ ਨੇ ਛੁੱਟੀ ਦੇ ਦਿਨ ਰਾਤ ਨੂੰ ਉਸਦੀ ਅਪੀਲ ’ਤੇ ਸੁਣਵਾਈ ਕਰਦੇ ਹੋਏ ਪੁਲਿਸ ਤੋਂ ਸਾਰਾ ਰਿਕਾਰਡ ਮੰਗਿਆ। ਇਹ ਸਾਡੇ ਕਾਨੂੰਨ ਦੀ ਖੂਬਸੂਰਤੀ ਹੈ।
Posted By: Jagjit Singh