ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸ਼ੁੱਕਰਵਾਰ ਤੜਕੇ ਤਿੰਨ ਵਜੇ ਦੇ ਕਰੀਬ ਚੋਰ ਗਿਰੋਹ ਨੇ ਮੱਕੜ ਕਾਲੋਨੀ ਦੇ ਢੰਡਾਰੀ ਇਲਾਕੇ ਦੇ ਇਕ ਘਰ ਤੇ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਮੋਬਾਈਲ ਤੇ ਲੈਪਟਾਪ ਸਮੇਤ ਘਰ ਦਾ ਹੋਰ ਸਾਮਾਨ ਚੋਰੀ ਕਰ ਲਿਆ। ਇਸ ਸਾਰੇ ਮਾਮਲੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ। ਇਸ ਸਬੰਧੀ ਜਾਣਕਾਰੀ ਚੌਕੀ ਕੰਗਣਵਾਲ ਦੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਚੰਦਰਭਾਨ ਚੌਹਾਨ ਨੇ ਦੱਸਿਆ ਕਿ ਮੱਕੜ ਕਾਲੋਨੀ ਢੰਡਾਰੀ ਵਿਚ ਉਨ੍ਹਾਂ ਦੇ ਚਚੇਰੇ ਭਰਾ ਉਦੇ ਰਾਜ ਚੌਹਾਨ ਤੇ ਕਲਪਨਾਥ ਚੌਹਾਨ ਦੀ ਮੋਬਾਈਲ ਫੋਨਾਂ ਦੀ ਦੁਕਾਨ ਹੈ। ਦੁਕਾਨਾਂ ਦੇ ਬਿਲਕੁਲ ਸਾਹਮਣੇ ਉਨ੍ਹਾਂ ਦਾ ਘਰ ਵੀ ਹੈ। ਚੰਦਰ ਭਾਨ ਚੌਹਾਨ ਨੇ ਦੱਸਿਆ ਕਿ ਉਹ ਸਾਰਾ ਪਰਿਵਾਰ ਉੱਤਰ ਪ੍ਰਦੇਸ਼ ਵਿਚ ਰਿਸ਼ਤੇਦਾਰ ਦੇ ਵਿਆਹ ਵਿਚ ਗਿਆ ਹੋਇਆ ਸੀ। ਸ਼ੁੱਕਰਵਾਰ ਤੜਕੇ ਚੋਰਾਂ ਨੇ ਸਬੱਲ ਨਾਲ ਦੁਕਾਨ ਦਾ ਸ਼ਟਰ ਤੋੜ ਕੇ 17 ਮੋਬਾਈਲ, ਇਕ ਲੈਪਟਾਪ, ਮੋਬਾਈਲ ਅਸੈਸਰੀ ਤੇ ਗੱਲੇ ਵਿਚ ਪਈ ਨਕਦੀ ਚੋਰੀ ਕਰ ਲਈ ਅਤੇ ਕੰਧ ਟੱਪ ਕੇ ਬਾਹਰ ਚਲੇ ਗਏ। ਚੋਰਾਂ ਨੇ ਚੌਹਾਨ ਦੇ ਘਰ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਗੱਦੇ ਦੇ ਥੱਲਿਓਂ ਅਲਮਾਰੀ ਦੀਆਂ ਚਾਬੀਆਂ ਲਈਆਂ ਤੇ ਅਲਮਾਰੀ 'ਚੋਂ ਲੈਪਟਾਪ, ਕੁਝ ਨਕਦੀ, ਕੀਮਤੀ ਕੱਪੜੇ ਤੇ ਐੱਲਸੀਡੀ ਚੋਰੀ ਕਰ ਲਈ। ਗੁਆਂਢ ਵਿਚ ਰਹਿਣ ਵਾਲੇ ਨੌਜਵਾਨ ਨੇ ਜਦ ਦੁਕਾਨ ਦਾ ਸ਼ਟਰ ਟੁੱਟਾ ਦੇਖਿਆ ਤਾਂ ਉਸ ਨੇ ਚੰਦਰ ਭਾਨ ਨੂੰ ਸੂਚਨਾ ਦਿੱਤੀ। ਇਸ ਸਾਰੇ ਮਾਮਲੇ ਦੀ ਜਾਣਕਾਰੀ ਚੌਕੀ ਕੰਗਣਵਾਲ ਦੀ ਪੁਲਿਸ ਨੂੰ ਵੀ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲੈ ਲਏ। ਪੁਲਿਸ ਦੇ ਮੁਤਾਬਕ ਫੁਟੇਜ ਵਿਚ ਕੁਝ ਨਕਾਬਪੋਸ਼ ਨੌਜਵਾਨ ਨਜ਼ਰ ਆਏ ਹਨ। ਦੂਜੇ ਪਾਸੇ ਇਲਾਕੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਵੀਰਵਾਰ ਰਾਤ ਨੂੰ ਉਨ੍ਹਾਂ ਨੇ ਇਲਾਕੇ ਵਿਚ ਕੁਝ ਸ਼ੱਕੀ ਨੌਜਵਾਨ ਦੇਖੇ ਸਨ। ਪੁਲਿਸ ਨੇ ਇਸ ਮਾਮਲੇ ਵਿਚ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।