ਦਲਵਿੰਦਰ ਸਿੰਘ ਰਛੀਨ, ਰਾਏਕੋਟ : ਬੀਤੀ ਰਾਤ ਕੁੱਝ ਅਣਪਛਾਤੇ ਚੋਰਾਂ ਵੱਲੋਂ ਸ਼੍ਰੀ ਸਵਾਮੀ ਬ੍ਹਮਾਨੰਦ ਭੂਰੀਵਾਲੇ ਯਾਦਗਾਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਰ੍ਹਮੀ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਪਿੰ੍ਸੀਪਲ ਹਰਿੰਦਰ ਕੌਰ ਨੇ ਦੱਸਿਆ ਸੋਮਵਾਰ ਸਵੇਰੇ ਸਕੂਲ ਖੋਲ੍ਹਣ ਸਫ਼ਾਈ ਸੇਵਿਕਾ ਆਈ ਤਾਂ ਉਸ ਨੇ ਦੇਖਿਆ ਸਕੂਲ ਦੇ ਸਾਰੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਹਨ ਤਾਂ ਉਸ ਨੇ ਇਸ ਦੀ ਜਾਣਕਾਰੀ ਉਨ੍ਹਾਂ ਸਮੇਤ ਬਾਕੀ ਸਟਾਫ ਨੂੰ ਫੋਨ ਰਾਹੀਂ ਦਿੱਤੀ, ਜਿਸ 'ਤੇ ਉਨਾਂ੍ਹ ਸਕੂਲ ਆ ਕੇ ਦੇਖਿਆ ਕਿ ਸਕੂਲ ਦੇ ਸਾਰੇ 15 ਪੰਦਰਾਂ ਕਮਰਿਆਂ ਦੇ ਤਾਲੇ ਟੁੱਟੇ ਹੋਏ ਹਨ ਤੇ ਸਾਮਾਨ ਖਿਲਰਿਆ ਹੋਇਆ ਸੀ। ਕੰਪਿਊਟਰ ਲੈਬ ਵਿਚਲੇ ਸੱਤ ਕੰਪਿਊਟਰਾਂ ਦੇ ਅਡਾਪਟਰ, ਯੂਪੀਐੱਸ, ਬੈਟਰੀ ਆਦਿ ਸਾਮਾਨ ਗਾਇਬ ਸੀ, ਇਹੀ ਨਹੀਂ ਚੋਰ ਜਾਂਦੇ ਹੋਏ ਜਿਥੇ ਸੀਸੀਟੀਵੀ ਕੈਮਰਿਆਂ ਦੀ ਭੰਨ ਤੋੜ ਕਰ ਗਏ, ਉਥੇ ਹੀ ਡੀਵੀਆਰ ਵੀ ਨਾਲ ਲੈ ਗਏ।

ਇਸ ਸਬੰਧੀ ਸਕੂਲ ਸਟਾਫ਼ ਨੇ ਪੁਲਿਸ ਥਾਣਾ ਸਦਰ ਰਾਏਕੋਟ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਸਬੰਧੀ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸਐੱਚਓ ਜਸਪਾਲ ਸਿੰਘ ਧਾਲੀਵਾਲ ਨੇ ਦੱਸਿਆ ਚੋਰਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।