ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਇਤਿਹਾਸਕ ਨਗਰ ਮਾਛੀਵਾੜਾ ਵਿਖੇ ਚੋਰਾਂ ਵੱਲੋਂ ਆਪਣੀਆਂ ਵਾਰਦਾਤਾਂ ਨੂੰ ਗਾਹੇ-ਬਗਾਹੇ ਅੰਜ਼ਾਮ ਦੇਣ ਦੀਆਂ ਸਰਗਰਮੀਆਂ ਅਜੇ ਵੀ ਜਾਰੀ ਹਨ ਤੇ ਹੁਣ ਉਨ੍ਹਾਂ ਇਲਾਕੇ ਦੇ ਸੁਰੱਖਿਅਤ ਸਮਝੇ ਜਾਂਦੇ ਸੁੰਦਰ ਨਗਰ 'ਚੋਂ ਦਿਨ-ਦਿਹਾੜੇ ਇੱਕ ਕੋਠੀ 'ਤੇ ਧਾਵਾ ਬੋਲ ਕੇ 1 ਲੱਖ ਰੁਪਏ ਨਕਦ ਤੇ ਸੋਨੇ ਦੇ ਟੋਪਸ ਚੋਰੀ ਕਰ ਕੇ ਰਫ਼ੂ ਚੱਕਰ ਹੋ ਗਏ। ਜਾਣਕਾਰੀ ਮੁਤਾਬਿਕ ਸੁੰਦਰ ਨਗਰ 'ਚ ਇੱਕ ਕਿਰਾਏ ਦੀ ਕੋਠੀ ਦੀ ਪਹਿਲੀ ਮੰਜ਼ਿਲ 'ਤੇ ਰਹਿਣ ਵਾਲੇ ਭੀਮ ਚੰਦ ਜੋ ਕਿ ਸ਼ਿਵਾ ਫੈਕਟਰੀ 'ਚ ਨੌਕਰੀ ਕਰਦਾ ਹੈ, ਨੇ ਦੱਸਿਆ ਉਹ ਰੋਜ਼ਾਨਾ ਦੀ ਤਰ੍ਹਾਂ ਡਿਊਟੀ 'ਤੇ ਚਲਾ ਗਿਆ ਤੇ ਉਸ ਦੇ ਪਰਿਵਾਰਕ ਮੈਂਬਰ ਘਰ ਨੂੰ ਤਾਲਾ ਲਾ ਕੇ ਚੰਡੀਗੜ੍ਹ ਕਿਸੇ ਕੰਮ ਲਈ ਚਲੇ ਗਏ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਹੇਠਾਂ ਮਕਾਨ ਮਾਲਕ ਹੋਣ ਦੇ ਬਾਵਜ਼ੂਦ ਚੋਰ ਪਹਿਲੀ ਮੰਜ਼ਿਲ 'ਤੇ ਪਹੁੰਚੇ ਤੇ ਉਨ੍ਹਾਂ ਦੇ ਘਰ ਦਾ ਤਾਲਾ ਤੋੜ ਕੇ ਕਿਸੇ ਸਾਮਾਨ ਨਾਲ ਛੇੜਛਾੜ ਨਹੀਂ ਕੀਤੀ ਬਲਕਿ ਸਿੱਧਾ ਕਮਰੇ 'ਚ ਪਈ ਅਲਮਾਰੀ ਦਾ ਲਾਕ ਤੋੜਿਆ ਤੇ ਉਸ 'ਚੋਂ 1 ਲੱਖ ਰੁਪਏ ਨਕਦੀ ਤੇ 20 ਹਜ਼ਾਰ ਰੁਪਏ ਸੋਨੇ ਦੇ ਟੋਪਸ ਚੋਰੀ ਕਰ ਕੇ ਲੈ ਗਏ।

ਘਟਨਾ ਬਾਰੇ ਦੇਰ ਸ਼ਾਮ ਉਸ ਸਮੇਂ ਪਤਾ ਲੱਗਾ ਜਦੋਂ ਭੀਮ ਚੰਦ ਦੇ ਪਰਿਵਾਰਕ ਮੈਂਬਰ ਚੰਡੀਗੜ੍ਹ ਤੋਂ ਵਾਪਸ ਪਰਤੇ ਤਾਂ ਉਨਾਂ੍ਹ ਦੇਖਿਆ ਕਿ ਘਰ ਦੇ ਤਾਲੇ ਤੋਂ ਇਲਾਵਾ ਅਲਮਾਰੀ ਦਾ ਲਾਕ ਵੀ ਤੋੜਿਆ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਤੇ ਉਨ੍ਹਾਂ ਦੇਖਿਆ ਕਿ ਚੋਰ ਕੋਠੀ ਦੇ ਪਿਛਲੇ ਪਾਸਿਓਂ ਛੱਤ ਰਾਹੀਂ ਆਏ। ਫਿਲਹਾਲ ਪੁਲਿਸ ਵੱਲੋਂ ਭੀਮ ਚੰਦ ਦੀ ਸ਼ਿਕਾਇਤ ਦਰਜ ਕਰ ਲਈ ਹੈ ਤੇ ਆਸ-ਪਾਸ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।