ਐੱਸਪੀ ਜੋਸ਼ੀ, ਲੁਧਿਆਣਾ : ਭੋਲੇ-ਭਾਲੇ ਬੈਂਕ ਖਾਤਾਧਾਰਕਾਂ ਨੂੰ ਧਮਕਾ ਕੇ ਏਟੀਐੱਮ ਕਾਰਡ ਅਤੇ ਪਾਸਵਰਡ ਹਾਸਿਲ ਕਰਕੇ ਖਾਤਿਆਂ 'ਚੋਂ ਨਕਦੀ ਉਡਾਉਣ ਵਾਲੇ ਦੋ ਮੈਂਬਰੀ ਗੈਂਗ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਥਿਤ ਮੁਲਜ਼ਮਾਂ ਦੀ ਪਛਾਣ ਇੰਦਰ ਨਗਰ ਦੇ ਰਹਿਣ ਵਾਲੇ ਅੰਕੁਸ਼ ਕੁਮਾਰ ਅਤੇ ਅਨੂ ਜੈਨ ਦੇ ਰੂਪ ਵਿਚ ਹੋਈ ਹੈ।

ਆਮ ਤੌਰ 'ਤੇ ਪਲਸਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਿਕਲਣ ਵਾਲੇ ਇਹ ਦੋਨੋਂ ਸ਼ਾਤਰ ਨੌਜਵਾਨ ਮੋਟਰਸਾਈਕਲ ਉੱਪਰ ਫ਼ਰਜ਼ੀ ਨੰਬਰ ਲਗਾ ਕੇ ਏਟੀਐੱਮ ਕੈਬਿਨ ਦੇ ਆਲੇ-ਦੁਆਲੇ ਘੁੰਮ ਕੇ ਪਹਿਲਾਂ ਆਪਣਾ ਸ਼ਿਕਾਰ ਚੁਣਦੇ ਸਨ। ਗੱਲਾਂ ਵਿਚ ਲਗਾ ਕੇ ਆਪਣੇ ਸ਼ਿਕਾਰ ਦੇ ਖਾਤੇ 'ਚ ਨਕਦੀ ਹੋਣ ਦੀ ਤਸੱਲੀ ਕਰਨ ਤੋਂ ਬਾਅਦ ਧਮਕਾ ਕੇ ਏਟੀਐੱਮ ਕਾਰਡ ਤੇ ਪਾਸਵਰਡ ਹਾਸਲ ਕਰ ਲੈਂਦੇ ਸਨ। ਇਸ ਢੰਗ ਨਾਲ ਠੱਗੀ ਦੀਆਂ ਕਈ ਵਾਰਦਾਤਾਂ ਹੋਣ ਤੋਂ ਬਾਅਦ ਪੁਲਿਸ ਵੱਲੋਂ ਜਾਲ ਵਿਛਾ ਕੇ ਦੋਨਾਂ ਕਥਿਤ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਦਬੋਚ ਲਿਆ ਗਿਆ ਹੈ। ਪੁਲਿਸ ਨੂੰ ਆਸ ਹੈ ਕਿ ਵਧੇਰੇ ਪੁੱਛ ਗਿੱਛ ਦੌਰਾਨ ਨੌਸਰਬਾਜ਼ੀ ਦੀਆਂ ਕਈ ਵਾਰਦਾਤਾਂ ਬਾਰੇ ਅਹਿਮ ਸੁਰਾਗ ਹੱਥ ਲੱਗਣਗੇ।

Posted By: Amita Verma