ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਸੁੱਤੇ ਪਏ ਪਰਿਵਾਰ ਦੀ ਲਾਪਰਵਾਹੀ ਦਾ ਫ਼ਾਇਦਾ ਚੁੱਕਦੇ ਹੋਏ ਚੋਰਾਂ ਨੇ ਘਰ 'ਚੋਂ ਲੱਖਾਂ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਮਾਮਲੇ 'ਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬੀਆਰਐੱਸ ਨਗਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਸਿੰਘ ਦੇ ਬਿਆਨ 'ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਘਰ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਕੇ ਮੁਲਜ਼ਮਾਂ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਾਮਲੇ ਸਬੰਧੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਾਕੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਰਾਤ ਦਾ ਖਾਣਾ ਖਾਣ ਤੋਂ ਬਾਅਦ ਪੂਰਾ ਪਰਿਵਾਰ ਸੌਂ ਗਿਆ। ਸਵੇਰ ਵੇਲੇ ਜਦ ਰਾਕੇਸ਼ ਕੁਮਾਰ ਸਿੰਘ ਦੀ ਅੱਖ ਖੁੱਲ੍ਹੀ ਤਾਂ ਉਨ੍ਹਾਂ ਦੇਖਿਆ ਕਿ ਲੌਬੀ ਵਾਲਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਕਮਰੇ ਵਿਚ ਝਾਤੀ ਮਾਰਨ 'ਤੇ ਪਤਾ ਲੱਗਾ ਕਿ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ ਤੇ ਸੋਨੇ ਦੀਆਂ ਤਿੰਨ ਚੈਨਾਂ, 8 ਅੰਗੂਠੀਆਂ, ਕੰਨਾਂ ਦੀਆਂ ਵਾਲੀਆਂ, ਟੌਪਸ, ਨੱਕ ਦੇ ਹੀਰਿਆਂ ਦੇ ਕੋਕੇ ਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ। ਜਾਣਕਾਰੀ ਮਿਲਦੇ ਸਾਰ ਹੀ ਥਾਣਾ ਸਰਾਭਾ ਨਗਰ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਤਫ਼ਤੀਸ਼ ਸ਼ੁਰੂ ਕੀਤੀ। ਇਸ ਮਾਮਲੇ 'ਚ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ। ਜਾਂਚ ਅਧਿਕਾਰੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਜਲਦੀ ਹੀ ਮਾਮਲਾ ਹੱਲ ਕਰ ਲਵੇਗੀ।

ਬੁਟੀਕ 'ਚੋਂ ਗਹਿਣੇ ਤੇ ਨਕਦੀ ਚੋਰੀ

ਅਣਪਛਾਤੇ ਚੋਰ ਬੁਟੀਕ ਅੰਦਰ ਦਾਖ਼ਲ ਹੋ ਕੇ ਕੁਝ ਮਿੰਟਾਂ ਵਿਚ ਹੀ ਵਾਰਦਾਤ ਨੂੰ ਅੰਜਾਮ ਦੇ ਗਏ। ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਟਰੰਕਾਂ ਵਾਲੇ ਬਾਜ਼ਾਰ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਘੁਮਾਰ ਮੰਡੀ ਇਲਾਕੇ 'ਚ ਲਾਈਫਸਟਾਈਲ ਨਾਮ ਦੀ ਬੁਟੀਕ ਚਲਾਉਂਦੀ ਹੈ। ਸ਼ਾਮ 6.30 ਵਜੇ ਦੇ ਕਰੀਬ ਉਹ ਕਾਊਂਟਰ 'ਤੇ ਆਪਣਾ ਪਰਸ ਰੱਖ ਕੇ ਬਾਥਰੂਮ ਚਲੀ ਗਈ। ਕੁਝ ਹੀ ਮਿੰਟਾਂ ਬਾਅਦ ਸੁਖਵਿੰਦਰ ਕੌਰ ਜਦ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਪਰਸ ਚੋਰੀ ਹੋ ਚੁੱਕਾ ਸੀ। ਅੌਰਤ ਦੇ ਮੁਤਾਬਕ ਪਰਸ ਵਿਚ 2 ਚਾਂਦੀ ਦੀਆਂ ਤੇ ਇਕ ਸੋਨੇ ਦੀ ਰਿੰਗ ਸਮੇਤ 4500 ਰੁਪਏ ਦੀ ਨਕਦੀ ਵੀ ਸੀ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਐੱਫਆਈਆਰ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।