ਸੰਜੀਵ ਗੁਪਤਾ, ਜਗਰਾਓਂ : ਪੰਜ ਦਿਨ ਪਹਿਲਾਂ ਪਿੰਡ ਦੇਹੜਕਾ 'ਚ ਗੁਰੂਘਰ ਦੇ ਬਜ਼ੁਰਗ ਪ੍ਰਧਾਨ ਦੀ ਲੜਾਈ ਦੌਰਾਨ ਦਾੜ੍ਹੀ ਪੁੱਟਣ ਤੇ ਬੇਇੱਜ਼ਤੀ ਕਰਨ ਦੇ ਮਾਮਲੇ 'ਚ ਹਠੂਰ ਪੁਲਿਸ ਕਾਰਵਾਈ ਦੀ ਥਾਂ ਸਮਝੌਤੇ ਦੀ ਉਡੀਕ ਕਰ ਰਹੀ ਹੈ।

ਇਲਾਕੇ ਦੇ ਪਿੰਡ ਹਠੂਰ ਵਾਸੀ 70 ਸਾਲਾ ਬਜ਼ੁਰਗ ਰਣਜੀਤ ਸਿੰਘ ਨੇ ਅੱਜ 'ਪੰਜਾਬੀ ਜਾਗਰਣ' ਆਪਣੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਉਹ ਪਿੰਡ ਦੇ ਹੀ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਪਿਛਲੇ ਢਾਈ ਦਹਾਕਿਆਂ ਤੋਂ ਪ੍ਰਧਾਨ ਚੱਲੇ ਆ ਰਹੇ ਹਨ। ਬੀਤੀ 30 ਜੁਲਾਈ ਨੂੰ ਸਵੇਰੇ ਜਦੋਂ ਉਹ ਗੁਰੂਘਰ ਤੋਂ ਘਰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਘੇਰ ਲਿਆ। ਉਨ੍ਹਾਂ ਲੜਾਈ ਕਰਦਿਆਂ ਕੁੱਟਮਾਰ ਕੀਤੀ ਤੇ ਦਾੜ੍ਹੀ ਪੁੱਟ ਦਿੱਤੀ।

ਇਸ ਘਟਨਾ ਦੇ ਉਹ ਇਕੱਲੇ ਨਹੀਂ, ਕਈ ਪਿੰਡ ਦੇ ਚਸ਼ਮਦੀਦ ਹਨ, ਜਿਨ੍ਹਾਂ ਨੇ ਉਨ੍ਹਾਂ ਸਮੇਤ ਹਠੂਰ ਪੁਲਿਸ ਨੂੰ ਇਹ ਸਾਰਾ ਦਰਦ ਬਿਆਨ ਕੀਤਾ। ਰਣਜੀਤ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ 84 ਦੇ ਸਿੱਖ ਕਤਲੇਆਮ ਦੌਰਾਨ ਜਦੋਂ ਮੌਤ ਦੇ ਨੱਚਦੇ ਤਾਂਡਵ ਤੋਂ ਡਰ ਕੇ ਸਿੱਖਾਂ ਨੇ ਦਾੜ੍ਹੀ ਕੇਸ ਕਟਵਾ ਲਏ ਸਨ, ਅਜਿਹੇ 'ਚ ਉਨ੍ਹਾਂ ਨੇ ਕੇਸ ਰੱਖਦਿਆਂ ਅੰਮਿ੍ਤਪਾਨ ਕੀਤਾ ਪਰ ਦੁੱਖ ਦੀ ਗੱਲ ਹੈ ਕਿ ਅੱਜ ਜਦੋਂ ਇਨਸਾਫ਼ ਦੇ ਗੋਗੇ ਗਾਏ ਜਾ ਰਹੇ ਹਨ, ਅਜਿਹੇ ਸਮੇਂ ਉਨ੍ਹਾਂ ਦੇ ਸ਼ਰੇਆਮ ਕੇਸ ਕਤਲ ਕੀਤੇ ਜਾਂਦੇ ਹਨ ਤੇ ਹਠੂਰ ਪੁਲਿਸ 5 ਦਿਨਾਂ ਤੋਂ ਕਾਰਵਾਈ ਦੀ ਥਾਂ ਦੂਜੀ ਧਿਰ ਦੇ ਦਬਾਅ ਤਹਿਤ ਸਮਝੌਤੇ ਦੀ ਉਡੀਕ ਕਰ ਰਹੇ ਹਨ। ਅੱਜ ਵੀ ਥਾਣਾ ਹਠੂਰ ਦੇ ਮੁਖੀ ਨੇ ਘੰਟਾਬੱਧੀ ਉਨ੍ਹਾਂ ਨੂੰ ਬਿਠਾ ਕੇ ਬਿਨਾਂ ਕਾਰਵਾਈ ਦੇ ਮੋੜ ਦਿੱਤਾ।

ਇਸ ਸਬੰਧੀ ਜਦੋਂ ਥਾਣਾ ਹਠੂਰ ਦੇ ਮੁਖੀ ਰਵਨੀਸ਼ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਪੀੜਤ ਬਜ਼ੁਰਗ ਦੇ ਨਾਲ ਹਨ, ਨਾ ਕਿ ਸਮਝੌਤਾ ਕਰਵਾਉਣ 'ਚ। ਉਕਤ ਦੋਵੇਂ ਧਿਰਾਂ 'ਚ ਹੀ ਆਪਸੀ ਸਹਿਮਤੀ ਨਾਲ ਸਮਝੌਤੇ ਦੀ ਗੱਲ ਚੱਲ ਰਹੀ ਸੀ। ਇਸ ਮਾਮਲੇ ਵਿਚ ਉਹ ਮੁਕੱਦਮਾ ਦਰਜ ਕਰ ਰਹੇ ਹਨ।