ਅਮਰਜੀਤ ਸਿੰਘ ਧੰਜਲ, ਰਾਏਕੋਟ: ਰਾਏਕੋਟ ਦੇ ਪਿੰਡ ਨੂਰਪੁਰਾ 'ਚ ਬਿਜਲੀ ਦੇ ਵੱਡੇ ਬਿੱਲਾਂ ਤੋਂ ਦੁਖੀ ਔਰਤਾਂ ਪਾਣੀ ਵਾਲੀ ਟੈਂਕੀ 'ਤੇ ਜਾ ਚੜ੍ਹੀਆਂ। ਸੀਟੂ ਦੀ ਅਗਵਾਈ ਵਿਚ ਹਾੜ੍ਹੇ ਦੀ ਗਰਮੀ 'ਚ ਟੈਂਕੀ 'ਤੇ ਚੜ੍ਹੀ ਇਨ੍ਹਾਂ ਔਰਤਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਗਰਮੋ ਗਰਮੀ ਕੀਤਾ। ਮੰਗਲਵਾਰ ਨੂੰ ਇਨ੍ਹਾਂ ਔਰਤਾਂ ਨੇ ਪਾਵਰਕਾਮ ਮਹਿਕਮੇ 'ਤੇ ਬਿਜਲੀ ਬਿੱਲਾਂ ਦੇ ਵੱਡੇ ਪੱਧਰ 'ਤੇ ਹੇਰ ਫੇਰ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਅੱਜ ਜਦੋਂ ਕਰਫਿਊ ਅਤੇ ਲਾਕਡਾਊਨ ਤੋਂ ਇਲਾਵਾ ਕੋਰੋਨਾ ਦੀ ਮਹਾਮਾਰੀ ਦੇ ਦੌਰ ਵਿਚ ਉਨ੍ਹਾਂ ਕੋਲ ਦੋ ਡੰਗ ਦੀ ਰੋਟੀ ਨਹੀਂ ਬਣ ਪਾ ਰਹੀ, ਅਜਿਹੇ ਵਿਚ ਗਰੀਬਾਂ ਦੀ ਦੁਸ਼ਮਣ ਬਣੀ ਪਾਵਰਕਾਮ ਦੇ ਅਮਲੇ ਨੇ ਨਾਦਰਸ਼ਾਹੀ ਰਵੱਈਆ ਅਪਣਾਉਂਦਿਆਂ ਉਨ੍ਹਾਂ ਨੂੰ ਮੋਟੇ ਬਿਜਲੀ ਬਿੱਲ ਭੇਜ ਕੇ ਭਵਿੱਖ ਵਿਚ ਬਿਜਲੀ ਤੋਂ ਵਾਂਝਿਆ ਰੱਖਣ ਦਾ ਪ੍ਰੋਗਰਾਮ ਉਲੀਕ ਦਿੱਤਾ। ਇਨ੍ਹਾਂ ਔਰਤਾਂ ਦੇ ਲਾਲ ਝੰਡੇ ਲੈ ਕੇ ਟੈਂਕੀ 'ਤੇ ਚੜ੍ਹਣ ਅਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਨ ਦਾ ਜਿਉਂ ਜਿਉਂ ਪੁਲਿਸ ਪ੍ਰਸ਼ਾਸਨ ਅਤੇ ਪਾਵਰਕਾਮ ਨੂੰ ਸੂਚਨਾ ਮਿਲੀ, ਉਸ ਅਨੁਸਾਰ ਇਨ੍ਹਾਂ ਵਿਭਾਗਾਂ ਦੇ ਅਫਸਰਾਂ ਦੀ ਗੱਡੀਆਂ ਦੇ ਕਾਫਲੇ ਟੈਂਕੀ ਲਾਗੇ ਕਾਨਵਾਈ ਲਗਾਈ ਖੜ੍ਹੇ ਹੁੰਦੇ ਗਏ। ਇਨ੍ਹਾਂ ਅਧਿਕਾਰੀਆਂ ਨੇ ਇਸ ਸੰਘਰਸ਼ ਦੀ ਅਗਵਾਈ ਕਰ ਰਹੇ ਸੂਬਾ ਸਕਤਰ ਦਲਜੀਤ ਕੁਮਾਰ ਗੋਰਾ, ਮਗਨਰੇਗਾ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ ਸਿੰਘ ਬਰ੍ਹਮੀ ਸਮੇਤ ਆਗੂਆਂ ਨਾਲ ਤਹਿਸੀਲਦਾਰ ਰਾਏਕੋਟ ਮੁਖਤਿਆਰ ਸਿੰਘ , ਪਾਵਰਕਾਮ ਦੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿਧੂ ਅਤੇ ਉਪ ਮੰਡਲ ਅਫਸਰ ਕੁਲਦੀਪ ਸਰਮਾ ਨੇ ਮੁਲਾਕਾਤ ਕੀਤੀ। ਇਸ ਘੰਟਿਆਂਬਦੀ ਦੀ ਅਫਸਰਸ਼ਾਹੀ ਦੀ ਕਸਰਤ ਤੋਂ ਬਾਅਦ ਫੈਸਲਾ ਹੋਇਆ ਕਿ ਦਲਿਤ ਪਰਿਵਾਰਾਂ ਤੋਂ ਬਿੱਲਾਂ ਦੀ ਪੜ੍ਹਤਾਲ ਤੋਂ ਬਾਅਦ ਬਿੱਲ ਵਸੂਲੇ ਜਾਣਗੇ। ਪਿੰਡਾਂ ਵਿਚ ਠੇਕਾ ਕਰਮਚਾਰੀਆਂ ਵਲੋਂ ਕੁਨੈਕਸਨਾਂ ਦੀ ਅਦਲਾ-ਬਦਲੀ ਕਰ ਕੇ ਬਿਜਲੀ ਬਿਲਾਂ ਵਿਚ ਹੇਰ-ਫੇਰ ਕਰਨ ਵਾਲੇ ਕਰਮਚਾਰੀਆਂ ਨੂੰ ਫੌਰੀ ਹਟਾ ਦੇਣ ਲਈ ਐੱਸਡੀਓ ਨੂੰ ਰਿਪੋਰਟ ਪੇਸ ਕਰਨ ਲਈ ਆਦੇਸ਼ ਦਿਤੇ ਗਏ ਹਨ।

ਇਸ ਮੌਕੇ ਰਾਏਕੋਟ ਦੇ ਡੀਐੱਸਪੀ ਸੁਖਨਾਜ਼ ਸਿੰਘ, ਥਾਣਾ ਸਦਰ ਰਾਏਕੋਟ ਦੇ ਮੁਖੀ ਅਜਾਇਬ ਸਿੰਘ ਅਤੇ ਥਾਣਾ ਹਠੂਰ ਦੇ ਮੁਖੀ ਰੁਬਨੀਵ ਸਿੰਘ ਵੱਡੀ ਗਿਣਤੀ ਪੁਲਿਸ ਮੁਲਾਜਮਾਂ ਸਮੇਤ ਮੌਕੇ ਤੇ ਮੌਜੂਦ ਰਹੇ। ਸੀਟੂ ਦੇ ਤਹਿਸੀਲ ਸਕੱਤਰ ਰਾਜਜਸਵੰਤ ਸਿੰਘ ਤਲਵੰਡੀ, ਪ੍ਰਿਤਪਾਲ ਸਿੰਘ ਬਿਟਾ, ਰਾਜ ਨੂਰਪੁਰਾ, ਹਰਦੀਪ ਕੌਰ, ਗੁਰਦੇਵ ਕੌਰ, ਚਰਨਜੀਤ ਕੌਰ, ਕੁਲਵੰਤ ਕੌਰ ਤਲਵੰਡੀ, ਗੁਰਮੀਤ ਕੌਰ, ਮਨਪ੍ਰੀਤ ਕੌਰ, ਜਸਪਾਲ ਕੌਰ, ਬਹਾਦਰ ਸਿੰਘ ਨੂਰਪੁਰਾ, ਬਲਦੇਵ ਸਿੰਘ, ਸਤਪਾਲ ਸਿੰਘ ਅਤੇ ਕੇਵਲ ਸਿੰਘ ਸਮੇਤ ਆਗੂ ਤਪਦੀ ਧੁੱਪ ਵਿਚ ਵੀ ਟੈਂਕੀ ਤੇ ਡਟੇ ਰਹੇ ਅਤੇ ਪਾਵਰਕਾਮ ਅਧਿਕਾਰੀਆਂ ਵਲੋਂ ਭਰੋਸਾ ਮਿਲਣ ਉਪਰੰਤ ਹੀ ਉਹ ਟੈਂਕੀ ਤੋਂ ਹੇਠਾਂ ਉਤਰੇ।

Posted By: Jagjit Singh