ਹਰਜੋਤ ਸਿੰਘ ਅਰੋੜਾ, ਲੁਧਿਆਣਾ : ਇਤਿਹਾਸਕ ਜਾਮਾ ਮਸਜਿਦ 'ਚ ਜੁੰਮੇ ਦੀ ਨਮਾਜ਼ ਤੋਂ ਪਹਿਲਾਂ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਨਮਾਜ਼ ਉਸ ਦੀ ਕਬੂਲ ਹੁੰਦੀ ਹੈ, ਜਿਸ ਦਾ ਦਿਲ ਬੁਰਾਈ ਤੇ ਗੁੱਸੇ ਤੋਂ ਸਾਫ ਹੁੰਦਾ ਹੈ, ਦਿਲਾਂ 'ਚ ਨਫ਼ਰਤ ਪਾਲਣ ਵਾਲੇ ਇਬਾਦਤ ਨਹੀਂ ਦਿਖਾਵਾ ਕਰਦੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਧਰਮ ਅਤੇ ਜਾਤ ਤੋਂ ਪਹਿਲਾਂ ਇਨਸਾਨਾਂ ਨਾਲ ਪਿਆਰ ਕਰਨਾ ਹੀ ਇਬਾਦਤ ਹੈ। ਉਨ੍ਹਾਂ ਕਿਹਾ ਕਿ ਪੈਗੰਬਰ ਹਜ਼ਰਤ ਮੁਹੰਮਦ ਸਲੱਲਲਾਹੂ ਅਲੈਹੀ ਵਸੱਲਮ ਦਾ ਹੁਕਮ ਹੈ ਕਿ ਨਫ਼ਰਤਾਂ ਨੂੰ ਖ਼ਤਮ ਕਰਕੇ ਮੁਹੱਬਤਾਂ ਨੂੰ ਆਮ ਕਰੋ, ਜ਼ਰੂਰਤਮੰਦਾਂ ਅਤੇ ਗ਼ਰੀਬਾਂ ਦੀ ਇੱਜ਼ਤ ਕਰੋ, ਆਪਣੇ ਗੁਆਂਢੀ ਦਾ ਹਮੇਸ਼ਾ ਫਾਇਦਾ ਸੋਚੋ, ਉਸਨੂੰ ਜਦੋਂ ਤੁਹਾਡੀ ਲੋੜ ਹੋਵੇ ਤਾਂ ਉਸਦਾ ਸਾਥ ਦਿਓ, ਮਾਂ-ਬਾਪ ਦੀ ਸੇਵਾ ਕਰੋ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਹਮੇਸ਼ਾ ਯਾਦ ਰੱਖੋ ਕਿ ਸਾਨੂੰ ਦੂਜੇ ਦੀ ਬੁਰਾਈ ਦੇਖਣ ਦੀ ਬਜਾਏ ਆਪਣੀ ਕਮੀ ਤਲਾਸ਼ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਜੀਵਨ ਸਫ਼ਲ ਹੋ ਸਕੇ। ਉਨ੍ਹਾਂ ਕਿਹਾ ਕਿ ਨਮਾਜ਼ ਨਾਲ ਨਿਯਾਜ ਦਾ ਮਤਲਬ ਇਹ ਹੁੰਦਾ ਹੈ ਕਿ ਅਜਿਹੇ ਗ਼ਰੀਬਾਂ ਦੀ ਮਦਦ ਕੀਤੀ ਜਾਵੇ, ਜੋ ਅੰਨ ਦੇ ਇਕ-ਇਕ ਦਾਣੇ ਦਾ ਮੁਥਾਜ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਨਮਾਜ਼ ਇਨਸਾਨ ਨੂੰ ਝੂਠ, ਮੱਕਾਰੀ, ਚੋਰੀ ਅਤੇ ਬੁਰੀ ਨਜ਼ਰ ਨਾਲ ਦੇਖਣ ਤੋਂ ਰੋਕਦੀ ਹੈ। ਜੇਕਰ ਕੋਈ ਨਮਾਜ਼ ਪੜ੍ਹ ਕੇ ਵੀ ਲੋਕਾਂ ਦੇ ਦਿਲਾਂ ਨੂੰ ਤੋੜਤਾ ਹੈ ਅਤੇ ਕਿਸੇ ਦੀ ਧੀ-ਭੈਣ ਨੂੰ ਬੁਰੀ ਨਜ਼ਰ ਨਾਲ ਵੇਖਦਾ ਹੈ ਤਾਂ ਉਸ ਦੀ ਨਮਾਜ਼ ਨਹੀਂ ਹੁੰਦੀ। ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਦੁਨੀਆਂ ਦੇ ਸਾਰੇ ਦੇਸ਼ਾਂ 'ਚ ਇਸ ਲਈ ਪੁੱਜਾ ਹੈ ਕਿ ਪੈਗੰਬਰ ਹਜ਼ਰਤ ਮੁਹੰਮਦ ਸਲੱਲਲਾਹੂ ਅਲੈਹੀ ਵਸੱਲਮ ਨੇ ਇਕ ਅੱਲ੍ਹਾ ਦੀ ਇਬਾਦਤ ਦੇ ਨਾਲ ਇਨਸਾਨਾਂ 'ਚ ਬਰਾਬਰੀ ਕਾਇਮ ਕੀਤੀ ਹੈ। ਸਾਨੂੰ ਆਪਣੇ ਪੈਗੰਬਰ ਦੇ ਇਸ ਪੈਗਾਮ ਨੂੰ ਹਮੇਸ਼ਾ ਯਾਦ ਰੱਖਣਾ ਹੈ। ਇਸ ਮੌਕੇ ਜਾਮਾ ਮਸਜਿਦ 'ਚ ਦੁਨੀਆਂ ਭਰ 'ਚ ਸ਼ਾਂਤੀ ਲਈ ਵਿਸ਼ੇਸ਼ ਦੁਆ ਵੀ ਕਰਵਾਈ ਗਈ।