ਰਾਜੀਵ ਸ਼ਰਮਾ, ਲੁਧਿਆਣਾ : ਬੀਤੇ ਦਿਨਾਂ 'ਚ ਕੋਰੋਨਾ ਦੇ ਡਰ ਕਾਰਨ ਪਰਵਾਸੀ ਮਜ਼ਦੂਰ ਆਪਣੇ ਜੱਦੀ ਸੂਬਿਆਂ 'ਚ ਘਰਾਂ ਨੂੰ ਪਰਤ ਗਏ ਸਨ, ਜਿਸ ਕਾਰਨ ਵਪਾਰੀਆਂ ਤੇ ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਹੁਣ ਵੂਲਨ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਤੇ ਸ਼ਹਿਰ ਦੇ ਤਾਜਪੁਰ ਰੋਡ 'ਤੇ ਸਥਿਤ ਸ਼੍ਰੀ ਬਾਲਾ ਜੀ ਪ੍ਰੋਸੈਸਰਜ਼ ਦੇ ਮੈਨੇਜਿੰਗ ਡਾਇਰੈਕਟਰ ਬੋਬੀ ਜਿੰਦਲ ਨੇ ਦੱਸ ਮਜ਼ਦੂਰਾਂ ਨੂੰ ਪਟਨਾ ਤੋਂ ਸਾਹਨੇਵਾਲ ਤਕ ਹਵਾਈ ਜਹਾਜ਼ 'ਚ ਲਿਆਂਦਾ ਹੈ। ਇਸ ਤੋਂ ਇਲਾਵਾ 90 ਮਜ਼ਦੂਰਾਂ ਨੂੰ ਟ੍ਰੇਨ 'ਚ ਟੂ ਟੀਅਰ ਏਸੀ, ਥ੍ਰੀ ਟੀਅਰ ਏਸੀ ਕੋਚ ਅਤੇ ਵਿਸ਼ੇਸ਼ ਟੈਕਸੀਆਂ ਭੇਜ ਕੇ ਵੀ ਲਿਆਂਦਾ ਹੈ। ਹੁਣ ਹੋਰ ਮਜ਼ਦੂਰਾਂ ਲਈ ਰੇਲ ਗੱਡੀਆਂ 'ਚ ਟਿਕਟਾਂ ਵੀ ਬੁੱਕ ਕਰਵਾਈਆਂ ਹਨ ਤੇ ਉਨ੍ਹਾਂ ਦੀ ਸਾਰੀ ਲੇਬਰ 30 ਜੂਨ ਤਕ ਵਾਪਸ ਪਹੁੰਚ ਜਾਵੇਗੀ। ਮਜ਼ਦੂਰਾਂ ਨੂੰ ਯੂਪੀ ਤੇ ਬਿਹਾਰ ਤੋਂ ਬੁਲਾਉਣ ਲਈ ਬੋਬੀ ਜਿੰਦਲ ਨੇ ਚਾਰ ਤੋਂ ਪੰਜ ਲੱਖ ਰੁਪਏ ਖ਼ਰਚ ਕਰ ਦਿੱਤੇ ਹਨ। ਨਾਲ ਹੀ ਮਜ਼ਦੂਰਾਂ ਨੂੰ ਭਰੋਸਾ ਵੀ ਦਿਵਾਇਆ ਹੈ ਕਿ ਜੇ ਫਿਰ ਤੋਂ ਲਾਕਡਾਊਨ ਹੋਇਆ ਤਾਂ ਵੀ ਉਨ੍ਹਾਂ ਨੂੰ ਲੋਹੜੀ ਤਕ ਦੀ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਬੋਬੀ ਨੇ ਕਿਹਾ ਕਿ ਕਾਰੋਬਾਰ ਤਾਂ ਕਰਨਾ ਹੀ ਹੈ, ਮਜ਼ਦੂਰਾਂ ਦੇ ਬਿਨਾ ਇਹ ਸੰਭਵ ਨਹਂੀਂ ਹੈ। ਜਨਵਰੀ 2021 ਤਕ ਕੰਬਲ ਤੇ ਵੂਲਨ ਡਾਇੰਗ ਦਾ ਕਾਰੋਬਾਰ ਚੱਲੇਗਾ। ਅਜਿਹੇ 'ਚ ਲੇਬਰ ਨੂੰ ਹਰ ਹਾਲ 'ਚ ਲਿਆਉਣਾ ਜ਼ਰੂਰੀ ਹੋ ਗਿਆ ਸੀ।

ਨਵੇਂ ਸਿਰੇ ਤੋਂ ਮਜ਼ਦੂਰਾਂ ਨੂੰ ਤਿਆਰ ਕਰਨਾ ਸੰਭਵ ਨਹੀਂ

ਬੋਬੀ ਜਿੰਦਲ ਦਾ ਤਰਕ ਹੈ ਕਿ ਉਨ੍ਹਾਂ ਕੋਲ ਸਕਿੱਲਡ ਲੇਬਰ ਹੈ ਜੋ ਪਿਛਲੇ 15 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਉਨ੍ਹਾਂ ਨਾਲ ਕੰਮ ਕਰ ਰਹੀ ਹੈ। ਹੁਣ ਨਵੇਂ ਸਿਰੇ ਤੋਂ ਲੇਬਰ ਨੂੰ ਕੰਮ ਲਈ ਤਿਆਰ ਕਰਨਾ ਸੰਭਵ ਨਹੀਂ ਹੈ। ਕਿਉਂਕਿ ਹੁਣ 15 ਜੂਨ ਤੋਂ ਸੀਜ਼ਨ ਸ਼ੁਰੂ ਹੋ ਰਿਹਾ ਹੈ।

ਇਕ ਮਜ਼ਦੂਰ ਦਾ 6500 ਰੁਪਏ ਲੱਗਾ ਕਿਰਾਇਆ

ਬੋਬੀ ਜਿੰਦਲ ਨੇ ਕਿਹਾ ਕਿ ਪਟਨਾ ਤੋਂ ਲੇਬਰ ਨੂੰ ਹਵਾਈ ਜਹਾਜ਼ ਜ਼ਰੀਏ ਪਹਿਲਾਂ ਦਿੱਲੀ ਲਿਆਂਦਾ ਗਿਆ, ਉਦੋਂ ਕੋਰੋਨਾ ਦੇ ਕਹਿਰ ਕਾਰਨ ਦਿੱਲੀ ਸੀਲ ਸੀ ਤੇ ਸੜਕ ਮਾਰਗ ਤੋਂ ਲੁਧਿਆਣਾ ਆਉਆ ਸੰਭਵ ਨਹੀਂ ਸੀ, ਅਜਿਹੇ 'ਚ ਲੇਬਰ ਨੂੰ ਅੱਗੇ ਵੀ ਹਵਾਈ ਜਹਾਜ਼ 'ਚ ਦਿੱਲੀ ਤੋਂ ਸਾਹਨੇਵਾਲ ਤਕ ਲਿਆਂਦਾ ਗਿਆ। ਪਟਨਾ ਤੋਂ ਸਾਹਨੇਵਾਲ ਲਿਆਉਣ ਲਈ ਪ੍ਰਤੀ ਮਜ਼ਦੂਰ 6500 ਰੁਪਏ ਹਵਾਈ ਜਹਾਜ਼ ਦਾ ਕਿਰਾਇਆ ਖਰਚ ਕੀਤਾ ਗਿਆ। ਇਸ ਦੇ ਨਾਲ ਹੀ ਏਸੀ ਟੂ ਟੀਅਰ ਸਲੀਪਰ 'ਚ ਪ੍ਰਤੀ ਮਜ਼ਦੂਰ 4500 ਰੁਪਏ ਤੇ ਥ੍ਰੀ ਟੀਅਰ ਏਸੀ 'ਚ ਕਰੀਬ 3500 ਰੁਪਏ ਖਰਚ ਕੀਤੇ ਗਏ। ਬੋਬੀ ਜਿੰਦਲ ਨੇ ਕਿਹਾ ਕਿ ਇਸ ਤੋਂ ਇਲਾਵਾ 38 ਹਜ਼ਾਰ ਰੁਪਏ 'ਚ ਸਕਾਰਪੀਓ ਭੇਜ ਕੇ ਮਜ਼ਦੂਰਾਂ ਨੂੰ ਲਿਆਂਦਾ ਗਿਆ। ਇਹ ਹਵਾਈ ਜਹਾਜ਼ ਤੋਂ ਵੀ ਮਹਿੰਗੀ ਪਈ। ਇਸ ਤੋਂ ਇਲਾਵਾ ਟੈਕਸੀਆਂ ਜ਼ਰੀਏ ਵੀ ਕਈ ਮਜ਼ਦੂਰ ਲਿਆਂਦੇ ਗਏ।