ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਪਿੰਡ ਦੁੱਗਰੀ ਦੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਨੌਜਵਾਨ ਦਿਨ-ਦਿਹਾੜੇ ਘਰ 'ਚੋਂ ਸਵਾ ਲੱਖ ਰੁਪਏ ਦੀ ਨਕਦੀ ਤੇ ਤਕਰੀਬਨ ਸਵਾ ਲੱਖ ਦੀ ਕੀਮਤ ਦੇ ਗਹਿਣੇ ਚੋਰੀ ਕਰ ਕੇ ਲੈ ਗਿਆ। ਘਰ ਦੇ ਮਾਲਕ ਸੁਨੀਲ ਕੁਮਾਰ ਨੇ ਜਦੋਂ ਆਪਣੇ ਜ਼ਰੀਏ ਪੜਤਾਲ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਉਨ੍ਹਾਂ ਦੇ ਗੁਆਂਢ 'ਚ ਹੀ ਰਹਿਣ ਵਾਲਾ ਇਕ ਨੌਜਵਾਨ ਹੈ। ਇਸ ਮਾਮਲੇ 'ਚ ਥਾਣਾ ਦੁੱਗਰੀ ਦੀ ਪੁਲਿਸ ਨੇ ਪਿੰਡ ਦੁੱਗਰੀ ਦੇ ਵਾਸੀ ਸੁਨੀਲ ਕੁਮਾਰ ਦੇ ਬਿਆਨਾਂ ਉੱਪਰ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਨੌਜਵਾਨ ਬਲਕਾਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।

ਇਸ ਮਾਮਲੇ ਸਬੰਧੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਇਕ ਆਈਲੈਟਸ ਇੰਸਟੀਚਿਊਟ 'ਚ ਨੌਕਰੀ ਕਰਦਾ ਹੈ। ਸੁਨੀਲ ਮੁਤਾਬਕ ਉਸ ਦੀ ਪਤਨੀ ਵੀ ਪ੍ਰਾਈਵੇਟ ਨੌਕਰੀ ਕਰਦੀ ਹੈ। ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਦੋਵੇਂ ਜੀਅ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਆਪੋ-ਆਪਣੇ ਕੰਮਾਂ 'ਤੇ ਚਲੇ ਗਏ। ਸੁਨੀਲ ਨੇ ਦੱਸਿਆ ਕਿ ਦੁਪਹਿਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਗੁਆਂਢੀ ਦਾ ਫੋਨ ਆਇਆ ਕਿ ਕੋਈ ਵਿਅਕਤੀ ਉਨ੍ਹਾਂ ਦੇ ਘਰ ਦੀ ਛੱਤ 'ਤੇ ਮੌਜੂਦ ਹੈ। ਜਿਵੇਂ ਹੀ ਸੁਨੀਲ ਘਰ ਪਹੁੰਚਿਆ, ਉਸ ਨੇ ਦੇਖਿਆ ਕਿ ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ ਤੇ ਅਲਮਾਰੀਆਂ 'ਚੋਂ ਸਵਾ ਲੱਖ ਰੁਪਏ ਦੇ ਗਹਿਣੇ 'ਤੇ ਸਵਾ ਲੱਖ ਰੁਪਏ ਦੀ ਨਕਦੀ ਗ਼ਾਇਬ ਸੀ। ਸੁਨੀਲ ਨੇ ਜਦੋਂ ਆਂਢੀਆਂ-ਗੁਆਂਢੀਆਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਉਨ੍ਹਾਂ ਦੇ ਗੁਆਂਢ 'ਚ ਹੀ ਰਹਿਣ ਵਾਲਾ ਨੌਜਵਾਨ ਬਲਕਾਰ ਸਿੰਘ ਹੈ। ਪੁਲਿਸ ਨੇ ਸੁਨੀਲ ਦੇ ਬਿਆਨਾਂ ਉੱਪਰ ਬਲਕਾਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Posted By: Amita Verma