ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਪੇਪਰ ਦੇਣ ਸਕੂਲ ਜਾ ਰਹੀ 8ਵੀਂ ਦੀ ਵਿਦਿਆਰਥਣ ਵੱਲ ਮਨਚਲੇ ਨੌਜਵਾਨ ਵੱਲੋਂ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੇ ਦੌਰਾਨ ਕੁੜੀ ਨੇ ਇਕ ਪਾਸੇ ਹੋ ਕੇ ਖ਼ੁਦ ਨੂੰ ਬਚਾਅ ਲਿਆ ਤੇ ਸਾਰਾ ਤੇਜ਼ਾਬ ਜ਼ਮੀਨ ਉੱਪਰ ਡੁੱਲ੍ਹ ਗਿਆ। ਇਲਾਕਾ ਨਿਵਾਸੀਆਂ ਨੇ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ। ਇਸ ਸਾਰੇ ਮਾਮਲੇ ਤੋਂ ਬਾਅਦ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੱਤੀ। ਥਾਣਾ ਦਰੇਸੀ ਦੀ ਪੁਲਿਸ ਨੇ ਨੌਜਵਾਨ ਮੁਸਤਫਾ ਦੇ ਖ਼ਿਲਾਫ਼ 7-51 ਦਾ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਨਿਊ ਸ਼ਿਵਪੁਰੀ ਦੇ ਗਣੇਸ਼ ਨਗਰ ਦੀ ਰਹਿਣ ਵਾਲੀ 16 ਸਾਲ ਦੀ ਕੁੜੀ ਨੇੜਲੇ ਹੀ ਸਕੂਲ 'ਚ 8ਵੀਂ ਦੀ ਵਿਦਿਆਰਥਣ ਹੈ। ਇਸੇ ਇਲਾਕੇ ਦਾ ਰਹਿਣ ਵਾਲਾ ਮੁਸਤਫਾ ਆਉਣ-ਜਾਣ ਸਮੇਂ ਕੁੜੀ ਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ। ਉਹ ਕੁੜੀ 'ਤੇ ਵਿਆਹ ਕਰਵਾਉਣ ਦਾ ਦਬਾਅ ਬਣਾ ਰਿਹਾ ਸੀ। ਸ਼ਨਿੱਚਰਵਾਰ ਸਵੇਰੇ ਲੜਕੀ ਪੇਪਰ ਦੇਣ ਲਈ ਘਰ ਤੋਂ ਸਕੂਲ ਵੱਲ ਨੂੰ ਗਈ। ਇਸੇ ਦੌਰਾਨ ਮੁਲਜ਼ਮ ਨੇ ਉਸ ਨੂੰ ਰਸਤੇ 'ਚ ਰੋਕਿਆ, ਤੇ ਫਿਰ ਤੋਂ ਵਿਆਹ ਕਰਾਉਣ ਦੀ ਗੱਲ ਆਖੀ। ਲੜਕੀ ਨੇ ਵਿਰੋਧ ਕਰਦਿਆਂ ਉਸ ਨੂੰ ਸਾਫ ਮਨ੍ਹਾ ਕਰ ਦਿੱਤਾ। ਪਹਿਲਾਂ ਤੋਂ ਹੀ ਕੁੜੀ 'ਤੇ ਤੇਜ਼ਾਬ ਸੁੱਟਣ ਦੀ ਯੋਜਨਾ ਘੜੀ ਬੈਠੇ ਮੁਸਤਫਾ ਨੇ ਹੱਥ 'ਚ ਫੜੀ ਤੇਜ਼ਾਬ ਦੀ ਬੋਤਲ ਉਸ ਵੱਲ ਕਰ ਕੇ ਤੇਜ਼ਾਬ ਸੁੱਟਣਾ ਸ਼ੁਰੂ ਕੀਤਾ। ਫੁਰਤੀ ਦਿਖਾਉਂਦਿਆਂ ਕੁੜੀ ਇਕ ਪਾਸੇ ਹੋ ਗਈ ਤੇ ਸਾਰਾ ਤੇਜ਼ਾਬ ਜ਼ਮੀਨ 'ਤੇ ਡੁੱਲ੍ਹ ਗਿਆ। ਕੁੜੀ ਭੱਜ ਕੇ ਦੁਕਾਨ 'ਚ ਦਾਖ਼ਲ ਹੋ ਗਈ। ਗਲੀ 'ਚ ਖੜ੍ਹੇ ਕੁਝ ਨੌਜਵਾਨ ਇਸ ਸਾਰੇ ਮਾਮਲੇ ਨੂੰ ਦੇਖ ਰਹੇ ਸਨ। ਨੌਜਵਾਨਾਂ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕੀਤਾ ਤੇ ਪੁਲਿਸ ਹਵਾਲੇ ਕਰ ਦਿੱਤਾ।

-ਕੁੜੀ ਦੇ ਮਾਪੇ ਨਹੀਂ ਆਏ ਸ਼ਿਕਾਇਤ ਦੇਣ

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਮੁਲਜ਼ਮ ਨੂੰ ਤੁਰੰਤ ਗਿ੍ਫ਼ਤਾਰ ਕੀਤਾ। ਥਾਣਾ ਦਰੇਸੀ ਦੇ ਇੰਚਾਰਜ ਸੱਤਪਾਲ ਨੇ ਕਿਹਾ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੱਤੀ। ਪੁਲਿਸ ਆਪਣੇ ਰਾਹੀਂ ਸਾਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ।

-7-51 ਦਾ ਕੀਤਾ ਮਾਮਲਾ ਦਰਜ

ਏਡੀਸੀਪੀ ਗੁਰਪ੍ਰਰੀਤ ਸਿੰਘ ਨੇ ਕਿਹਾ ਕਿ ਕੁੜੀ ਦੇ ਪਰਿਵਾਰਕ ਮੈਂਬਰ ਇਸ ਮਾਮਲੇ 'ਚ ਸਾਹਮਣੇ ਨਹੀਂ ਆਏ ਤੇ ਨਾ ਹੀ ਉਨ੍ਹਾਂ ਨੇ ਸ਼ਿਕਾਇਤ ਦਿੱਤੀ। ਇਸ 'ਚ ਪੁਲਿਸ ਨੇ ਖੁਦ ਕਾਰਵਾਈ ਕਰਦਿਆਂ 7-51 ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।