ਜੇਐੱਨਐੱਨ, ਲੁਧਿਆਣਾ : ਤਾਜਪੁਰ ਰੋਡ ਇਲਾਕੇ ਵਿਚ ਗਹਿਣਿਆਂ ਦੀ ਦੁਕਾਨ ਨੂੰ ਲੁੱਟਣ ਆਏ ਤਿੰਨ ਬਦਮਾਸ਼ਾਂ ’ਤੇ ਦੁਕਾਨਦਾਰ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਦੁਕਾਨਦਾਰ ਨੇ ਮੁੱਕੇ ਮਾਰੇ ਤਾਂ ਤਿੰਨੇਂ ਲੁਟੇਰੇ ਦੇਸੀ ਕੱਟਾ ਤੇ ਬਾਈਕ ਛੱਡ ਕੇ ਭੱਜ ਗਏ। ਸੂਚਨਾ ਮਿਲਣ ’ਤੇ ਏਡੀਸੀਪੀ (ਜਾਂਚ) ਰੁਪਿੰਦਰ ਭੱਟੀ ਤੇ ਏਸੀਪੀ ਈਸਟ ਦਵਿੰਦਰ ਚੌਧਰੀ ਥਾਣਾ ਡਵੀਜ਼ਨ 7 ਦੀ ਪੁਲਿਸ ਸਮੇਤ ਘਟਨਾ ਵਾਲੀ ਥਾਂ ’ਤੇ ਪੁੱਜੇ। ਪੁਲਿਸ ਨੇ ਲੁਟੇਰਿਆਂ ਵੱਲੋਂ ਛੱਡਿਆ ਦੇਸੀ ਕੱਟਾ ਤੇ ਬਾਈਕ ਜ਼ਬਤ ਕਰ ਲਏ ਹਨ। ਹੱਟੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਲੁਟੇਰਿਆਂ ਦੀ ਕਾਰਵਾਈ ਰਿਕਾਰਡ ਹੋ ਗਈ ਹੈ।

ਪੁਲਿਸ ਨੂੁੰ ਦਿੱਤੇ ਬਿਆਨਾਂ ਵਿਚ ਅਵਤਾਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਸਾਢੇ ਅੱਠ ਵਜੇ ਉਹ ਦੁਕਾਨ ਵਿਚ ਬੈਠਾ ਸੀ। ਉਸੇ ਸਮੇਂ ਤਿੰਨ ਅਨਸਰ ਅੰਦਰ ਆਏ, ਜਿਨ੍ਹਾਂ ਦੇ ਚਿਹਰਿਆਂ ’ਤੇ ਨਕਾਬ ਤੇ ਹੱਥਾਂ ਵਿਚ ਦਸਤਾਨੇ ਵਿਚ ਸਨ। ਇਨ੍ਹਾਂ ਤਿੰਨਾਂ ਨੂੰ ਵੇਖਦੇ ਹੀ ਉਸ ਨੂੰ ਸ਼ੱਕ ਪਿਆ ਕਿ ਇਹ ਮਾੜੇ ਅਨਸਰ ਹੋ ਸਕਦੇ ਹਨ। ਉਹ ਆਪਣੀ ਕੁਰਸੀ ਤੋਂ ਉੱਠ ਕੇ ਖੜ੍ਹਾ ਹੋ ਗਿਆ ਤੇ ਇਹ ਹਰਕਤ ਵੇਖ ਕੇ ਲੁਟੇਰਿਆਂ ਵਿੱਚੋਂ ਇਕ ਜਣੇ ਨੇ ਦੇਸੀ ਕੱਟਾ ਬਾਹਰ ਕੱਢ ਲਿਆ।

ਦੁਕਾਨਦਾਰ ਨੇ ਹਿੰਮਤ ਕੀਤੀ ਤੇ ਲੁਟੇਰਿਆਂ ’ਤੇ ਟੁੱਟ ਪਿਆ। ਉਸ ਨੇ ਇਕ ਲੁਟੇਰੇ ਦੇ ਮੂੰਹ ’ਤੇ ਅਨੇਕਾਂ ਚਪੇੜਾਂ ਤੇ ਮੁੱਕੇ ਮਾਰੇ, ਜਿਸ ਕਾਰਨ ਲੁਟੇਰੇ ਦਾ ਦੇਸੀ ਕੱਟਾ ਹੇਠਾਂ ਡਿੱਗ ਪਿਆ। ਸਾਥੀ ਗੁਰਗੇ ਨੂੰ ਕੁੱਟ ਪੈਂਦੀ ਵੇਖ ਕੇ ਦੋਵੇਂ ਲੁਟੇਰੇ ਤ੍ਰਭਕ ਗਏ ਤੇ ਹੱਟੀ ਤੋਂ ਬਾਹਰ ਭੱਜੇ। ਏਡੀਸੀ ਭੱਟੀ ਨੇ ਦੱਸਿਆ ਕਿ ਅਣਪਛਾਤੇ ਅਨਸਰਾਂ ’ਤੇ ਕੇਸ ਦਰਜ ਕੀਤਾ ਜਾ ਰਿਹਾ ਹੈ।

Posted By: Jagjit Singh