ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ - 9 ਅਕਤੂਬਰ ਨੂੰ ਗੈਂਗਸਟਰ ਕੁੱਬਾ ਨਾਲ ਮਿਲ ਕੇ ਰਾਤ ਸਮੇਂ ਫਿਰੋਜ਼ਪੁਰ ਰੋਡ ਤੋਂ ਐਮਾਜ਼ੋਨ ਦੇ ਮੁਲਾਜ਼ਮਾਂ ਕੋਲੋਂ 10 ਲੱਖ 71 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਵਾਲੇ ਇੱਕ ਹੋਰ ਮੁਲਜ਼ਮ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕਾਬੂ ਕਰ ਲਿਆ। ਕ੍ਰਾਈਮ ਬ੍ਰਾਂਚ ਦੀ ਟੀਮ ਦੇ ਮੁਤਾਬਿਕ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਧਰਮਕੋਟ ਦੇ ਵਾਸੀ ਸਰਬਜੀਤ ਸਿੰਘ ਉਰਫ ਨੀਲੂ ਦੇ ਰੂਪ ਵਿੱਚ ਹੋਈ ਹੈ। ਪੁਲਿਸ ਦੇ ਮੁਤਾਬਕ ਨੀਲੂ ਦੇ ਖਿਲਾਫ਼ ਪੰਜਾਬ ਦੇ ਅਲੱਗ ਅਲੱਗ ਥਾਣਿਆਂ ਵਿੱਚ ਪੰਜ ਦੇ ਕਰੀਬ ਹੋਰ ਮੁਕੱਦਮੇ ਦਰਜ ਤੇ ਦੋ ਮੁਕੱਦਮਿਆਂ 'ਚ ਉਸ ਨੂੰ ਭਗੌੜਾ ਕਰਾਰ ਵੀ ਦਿੱਤਾ ਜਾ ਚੁੱਕਾ ਹੈ ।

ਕਾਬਲੇਗੌਰ ਹੈ ਕਿ 9 ਅਕਤੂਬਰ ਨੂੰ ਗੈਂਗਸਟਰ ਕੁੱਬਾ ਨੇ ਆਪਣੇ ਦਸ ਸਾਥੀਆਂ ਨਾਲ ਮਿਲ ਕੇ ਫਿਰੋਜ਼ਪੁਰ ਰੋਡ ਚੁੰਗੀ ਦੇ ਕੋਲ ਦਸ ਲੱਖ 71 ਹਜ਼ਾਰ ਦੀ ਨਕਦੀ ਪਿਸਤੌਲ ਦੀ ਨੋਕ ਤੇ ਲੁੱਟੀ ਸੀ। ਵਾਰਦਾਤ ਵਿੱਚ ਮੁਲਜ਼ਮਾਂ ਨੇ ਗੋਲੀਆਂ ਚਲਾ ਕੇ ਐਮਾਜ਼ੋਨ ਦੇ ਮੁਲਾਜ਼ਮਾਂ ਨੂੰ ਜ਼ਖਮੀ ਵੀ ਕਰ ਦਿੱਤਾ ਸੀ। ਕਾਰਵਾਈ ਕਰਦਿਆਂ ਕ੍ਰਾਈਮ ਬ੍ਰਾਂਚ ਦੀ ਟੀਮ ਨੇ 9 ਮੁਲਜ਼ਮ ਪਹਿਲਾਂ ਤੋਂ ਹੀ ਗ੍ਰਿਫ਼ਤਾਰ ਕਰ ਲਏ ਸਨ। ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਅੱਜ ਸਰਬਜੀਤ ਸਿੰਘ ਨੀਲੂ ਨੂੰ ਸਰਾਭਾ ਨਗਰ ਦੇ ਇਲਾਕੇ 'ਚੋਂ ਗ੍ਰਿਫਤਾਰ ਕੀਤਾ । ਰਿਮਾਂਡ ਦੌਰਾਨ ਪੁਲਿਸ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਹੈ, ਕ੍ਰਾਇਮ ਬ੍ਰਾਂਚ ਦੀ ਟੀਮ ਨੂੰ ਉਮੀਦ ਹੈ ਕਿ ਪੁੱਛ ਗਿੱਛ ਦੌਰਾਨ ਕਈ ਹੋਰ ਵੀ ਖੁਲਾਸੇ ਹੋ ਸਕਦੇ ਹਨ।