ਜੇਐੱਨਐੱਨ, ਲੁਧਿਆਣਾ- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪੁੱਤਰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਥਾਨਕ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਹੋਇਆ ਦੋਵਾਂ ਵਿਰੁੱਧ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਦਾਇਰ ਕੀਤੀ ਫ਼ੌਜਦਾਰੀ ਸ਼ਿਕਾਇਤ ਨੂੰ ਖ਼ਾਰਿਜ ਕਰ ਦਿੱਤਾ ਹੈ।

ਜੁਡੀਸ਼ੀਅਲ ਮੈਜਿਸਟ੍ਰੇਟ ਸੁਮਿਤ ਅੱਗਰਵਾਲ ਦੀ ਅਦਾਲਤ ਨੇ ਪਟੀਸ਼ਨ ਖ਼ਾਰਿਜ ਕਰਦਿਆਂ ਆਖਿਆ ਕਿ ਅੰਦਾਜ਼ਿਆਂ 'ਤੇ ਕਹੀਆਂ ਸੁਣੀਆਂ ਗੱਲਾਂ ਦੀ ਬੁਨਿਆਦ 'ਤੇ ਦੋਵਾਂ ਨੂੰ ਫ਼ੌਜਦਾਰੀ ਮਾਮਲੇ ਵਿਚ ਸੰਮਨ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਠਹਿਰਾਇਆ ਕਿ ਸ਼ਿਕਾਇਤ ਕਰਤਾ ਮੁਤਾਬਕ ਉਹ ਖ਼ੁਦ ਵੀ ਮੌਕਾ ਏ ਵਾਰਦਾਤ 'ਤੇ ਹਾਜ਼ਰ ਨਹੀਂ ਸੀ। ਇਸ ਤੋਂ ਇਲਾਵਾ ਉਸ ਨੇ ਅਜਿਹਾ ਕੋਈ ਸਬੂਤ ਜਾਂ ਗਵਾਹ ਪੇਸ਼ ਨਹੀਂ ਕੀਤਾ, ਜਿਸ ਨਾਲ ਦੋਵਾਂ ਬਾਦਲਾਂ ਦੀ ਸ਼ਮੂਲੀਅਤ ਬਾਰੇ ਪਤਾ ਲੱਗ ਸਕਦਾ ਹੋਵੇ।

ਦੋਵਾਂ ਵਿਰੁੱਧ ਗੁਰਦੇਵ ਨਗਰ ਵਾਸੀ ਜਗਦੀਪ ਸਿੰਘ ਗਿੱਲ ਨੇ ਫ਼ੌਜਦਾਰੀ ਧਾਰਾਵਾਂ 304, 307, 295 ਤੇ 34 ਆਈਪੀਸੀ ਤਹਿਤ ਅਦਾਲਤ ਵਿਚ ਸ਼ਿਕਾਇਤ ਦਾਇਰ ਕੀਤੀ ਸੀ। ਜਿਸ ਵਿਚ ਬਾਕਾਇਦਾ ਸ਼ਿਕਾਇਤ ਕਰਤਾ ਨੇ ਆਪਣੀ ਗਵਾਹੀ ਤੇ ਦੋ ਹੋਰ ਗਵਾਹਾਂ ਜਗਦੀਸ਼ ਚੰਦਰ ਤੇ ਫ਼ਿਰੋਜ਼ ਦੀ ਗਵਾਹੀ ਕਲਮਬੱਧ ਕਰਦਿਆਂ ਹੋਇਆਂ ਬਾਦਲ ਤੇ ਸੁਖਬੀਰ ਨੂੰ ਬਹਿਬਲ ਕਲਾਂ ਗੋਲੀਕਾਂਡ ਵਿਚ ਦੋਸ਼ੀ ਠਹਿਰਾਉਂਦੇ ਹੋਏ ਅਦਾਲਤ ਵਿਚ ਤਲਬ ਕਰਨ ਦੀ ਅਪੀਲ ਕੀਤੀ ਸੀ। ਸ਼ਿਕਾਇਤ ਕਰਤਾ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਸਮਾਜਕ ਜਾਗ੍ਰਿਤੀ ਫਰੰਟ ਦਾ ਚੇਅਰਮੈਨ ਹੈ ਤੇ ਵਰ੍ਹਾ 2006 ਤੋਂ ਲੈ ਕੇ 2016 ਤਕ ਬਾਦਲ ਮੁੱਖ ਮੰਤਰੀ ਸਨ ਤੇ ਪੁੱਤਰ ਸੁਖਬੀਰ ਗ੍ਰਹਿ ਮੰਤਰੀ ਸਨ, ਜਿਸ ਕਰ ਕੇ ਉਨ੍ਹਾਂ ਦੀ ਵੀ ਘਟਨਾ ਦੀ ਜ਼ਿੰਮੇਵਾਰੀ ਬਣਦੀ ਸੀ। ਅਦਾਲਤ ਨੇ ਸਾਰੀਆਂ ਦਲੀਲਾਂ ਦੇ ਬਾਵਜੂਦ ਇਹ ਫ਼ੈਸਲਾ ਦਿੱਤਾ ਹੈ।

Posted By: Amita Verma