ਕਾਉਂਕੇ ਗੋਲੀ ਕਾਂਡ ਨੂੰ ਅੰਜਾਮ ਦੇਣ ਵਾਲਾ ਪਿਸਤੌਲ ਸਣੇ ਗ੍ਰਿਫ਼ਤਾਰ
ਕਾਉਂਕੇ ਗੋਲੀ ਕਾਂਡ ਨੂੰ ਅੰਜਾਮ ਦੇਣ ਵਾਲਾ ਪਿਸਤੌਲ ਸਮੇਤ ਗ੍ਰਿਫ਼ਤਾਰ
Publish Date: Sat, 06 Dec 2025 08:48 PM (IST)
Updated Date: Sun, 07 Dec 2025 04:12 AM (IST)

ਦੋਵੇਂ ਗੈਂਗ ਫਿਲਮਾਂ ਵਾਂਗ ਟਾਈਮ ਮਿੱਥ ਕੇ ਹੋਏ ਸਨ ਇਕੱਠੇ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਪੁਲਿਸ ਨੇ ਕਾਉਂਕੇ ਕਲਾਂ ’ਚ ਟਾਈਮ ਬੰਨ੍ਹ ਕੇ 2 ਗੁੱਟਾਂ ’ਚ ਹੋਈ ਗੈਂਗਵਾਰ ’ਚ ਗੋਲੀ ਚਲਾਉਣ ਵਾਲੇ ਨੂੰ 36 ਘੰਟਿਆਂ ’ਚ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ। ਜਗਰਾਓਂ ਪੁਲਿਸ ਨੇ ਦਾਅਵਾ ਕੀਤਾ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਤੇ ਗੋਲੀ ਚਲਾਉਣ ਵਾਲਿਆਂ ’ਚ ਪੁਰਾਣੀ ਰੰਜਿਸ਼ ਹੈ, ਜਿਸ ਦੇ ਚੱਲਦਿਆਂ 4 ਦਸੰਬਰ ਦੀ ਰਾਤ ਨੂੰ ਦੋਵੇਂ ਗੈਂਗ ਬਾਕਾਇਦਾ ਟਾਈਮ ਬੰਨ ਕੇ ਇਕੱਠੇ ਹੋਏ ਸਨ। ਜਗਰਾਓਂ ਪੁਲਿਸ ਲਾਈਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸਪੀ ਡੀ ਰਾਜਨ ਸ਼ਰਮਾ ਨੇ ਦੱਸਿਆ ਕਿ 4 ਦਸੰਬਰ ਦੀ ਰਾਤ ਨੂੰ ਪਿੰਡ ਕਾਉਂਕੇ ਕਲਾਂ ’ਚ ਬਾਬਾ ਰੋਡੂ ਸ਼ਾਹ ਦੀ ਮੱਟੀ ਨੇੜੇ ਦੋ ਗੁੱਟ ਹਥਿਆਰਾਂ ਨਾਲ ਇਕੱਠੇ ਹੋਏ ਸਨ। ਇਨ੍ਹਾਂ ’ਚੋਂ ਇੱਕ ਗੈਂਗ ਵੱਲੋਂ ਕੀਤੀ ਗਈ ਫਾਇਰਿੰਗ ਵਿਚ ਦੂਸਰੇ ਗੁੱਟ ਦਾ ਲਵਕਰਨ ਸਿੰਘ ਵਾਸੀ ਕਾਉਂਕੇ ਕਲਾਂ 2 ਗੋਲੀਆਂ ਲੱਗਣ ਕਾਰਨ ਜਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਜ਼ਿਲ੍ਹਾ ਮੁਖੀ ਡਾ. ਅੰਕੁਰ ਗੁਪਤਾ ਵੱਲੋਂ ਜਾਂਚ ਟੀਮ ਦਾ ਗਠਨ ਕੀਤਾ ਗਿਆ, ਜਿਸ ’ਚ ਉਨ੍ਹਾਂ ਦੀ ਅਗਵਾਈ ’ਚ ਡੀਐੱਸਪੀ ਡੀ ਜਤਿੰਦਰ ਸਿੰਘ, ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ, ਸੀਆਈਏ ਸਟਾਫ਼ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਤੇ ਜਗਰਾਓਂ ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ ਸਮੇਤ ਪੁਲਿਸ ਫੋਰਸ ਨੇ ਛਾਪਾਮਾਰੀ ਕਰਦਿਆਂ ਅੱਜ ਇਸ ਮਾਮਲੇ ’ਚ ਗੋਲੀ ਕਾਂਡ ਦੇ ਸਰਗਨਾ ਸੋਨੂੰ ਦੌਧਰੀਆ ਉਰਫ ਕੀਨੀਆ ਪੁੱਤਰ ਬਿੰਦਰ ਸਿੰਘ ਵਾਸੀ ਅਗਵਾੜ ਖੁਆਜਾ ਬਾਜੂ ਨੂੰ ਨਾਨਕਸਰ ਰੋਡ ਪੁਲ਼ ਸੂਆ ਕਾਉਂਕੇ ਕਲਾਂ ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਉਸ ਤੋਂ ਵਾਰਦਾਤ ਸਮੇਂ ਵਰਤਿਆ ਦੇਸੀ ਪਿਸਤੌਲ 32 ਬੋਰ, ਮੈਗਜ਼ੀਨ ਤੇ ਰੌਂਦ ਵੀ ਬਰਾਮਦ ਕਰ ਲਏ। ਉਨ੍ਹਾਂ ਦੱਸਿਆ ਕਿ ਕੀਨੀਆ ਤੋਂ ਬਰਾਮਦ ਹੋਇਆ ਪਿਸਤੌਲ ਨਾਜਾਇਜ਼ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਦੂਸਰੇ ਸਾਥੀਆਂ ਡਿਪਟੀ ਵਾਰਿਸ ਵਾਸੀ ਚੁੰਗੀ ਨੰਬਰ 5 ਜਗਰਾਓਂ ਤੇ ਰਣਜੀਤਾ ਵਾਸੀ ਕਾਉਂਕੇ ਕਲਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਤੋਂ ਇਲਾਵਾ ਇਨ੍ਹਾਂ ਦੇ ਹੋਰ ਸਾਥੀਆਂ ਦੀ ਭਾਲ ’ਚ ਪੁਲਿਸ ਟੀਮਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਸਾਫ ਕਿਹਾ ਕਿ ਜ਼ਿਲ੍ਹੇ ’ਚ ਕਿਸੇ ਤਰ੍ਹਾਂ ਦੀ ਗੈਂਗਵਾਰ ਦੀ ਕੋਈ ਥਾਂ ਨਹੀਂ। ਇਸ ’ਚ ਸ਼ਾਮਲ ਤੇ ਇਸ ਨੂੰ ਸਰਪ੍ਰਸਤੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਜਿਸ ਦਾ ਅੰਦਾਜਾ ਅੱਜ ਕੀਨੀਆ ਦੀ ਗ੍ਰਿਫ਼ਤਾਰੀ ਤੋਂ ਲਾਇਆ ਜਾ ਸਕਦਾ ਹੈ। ਜਗਰਾਓਂ ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਦੇ 36 ਘੰਟਿਆਂ ’ਚ ਹੀ ਇਸ ਨੂੰ ਜਾ ਨੱਪਿਆ ਤੇ ਜਲਦੀ ਹੀ ਬਾਕੀ ਗੈਂਗ ਦੇ ਮੈਂਬਰ ਵੀ ਪੁਲਿਸ ਹਿਰਾਸਤ ’ਚ ਹੋਣਗੇ। ਬਾਕਸ== ਸਵੇਰੇ ਲੁਧਿਆਣਾ ਕਚਹਿਰੀ ਅਤੇ ਰਾਤ ਨੂੰ ਕਾਉਂਕੇ ਕਲਾਂ ’ਚ ਭਿੜੇ ਜਗਰਾਓਂ ਦੇ ਐੱਸਪੀ ਡੀ ਰਾਜਨ ਸ਼ਰਮਾ ਨੇ ਦੱਸਿਆ ਕਿ 4 ਦਸੰਬਰ ਨੂੰ ਉਕਤ ਦੋਵੇਂ ਗੈਂਗ ਪਹਿਲਾਂ ਲੁਧਿਆਣਾ ਕਚਿਹਰੀ ’ਚ ਭਿੜੇ ਸਨਕ, ਜਿੱਥੇ ਇਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਹੋਈ ਹੈ। ਰਾਤ ਨੂੰ ਇਹ ਦੋਵੇਂ ਗੈਂਗ ਫਿਰ ਪਿੰਡ ਕਾਉਂਕੇ ਕਲਾਂ ’ਚ ਟਾਈਮ ਬੰਨ੍ਹ ਕੇ ਇਕੱਠੇ ਹੋਏ ਸਨ। ਇਨ੍ਹਾਂ ਦੋਵਾਂ ਗੁੱਟਾਂ ’ਚ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਬਾਕਸ= -ਜ਼ਖ਼ਮੀ ਲਵਕਰਨ ਸਿੰਘ ਦੇ ਗੈਂਗ ’ਤੇ ਵੀ ਹੋਵੇਗੀ ਕਾਰਵਾਈ ਜਗਰਾਓਂ ਦੇ ਐੱਸਪੀ ਰਾਜਨ ਸ਼ਰਮਾ ਨੇ ਦੱਸਿਆ ਕਿ ਜ਼ਖ਼ਮੀ ਹੋਏ ਲਵਕਰਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਨੂੰ ਮੱਥਾ ਟੇਕਣ ਜਾਂਦਿਆਂ ਪਹਿਲਾਂ ਤੋਂ ਹੀ ਲੁਕ ਕੇ ਬੈਠੇ ਕੀਨੀਆ ਤੇ ਸਾਥੀਆਂ ਨੇ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਸੀ, ਜੋ ਜਾਂਚ ’ਚ ਇਹ ਕਹਾਣੀ ਝੂਠੀ ਸਾਬਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਦੀ ਜਾਂਚ ’ਚ ਇਹ ਖੁੱਲ੍ਹ ਕੇ ਸਾਹਮਣੇ ਆਇਆ ਹੈ ਕਿ ਦੋਵੇਂ ਗੈਂਗ ਦੁਸ਼ਮਣੀ ਨੂੰ ਲੈ ਕੇ ਹਥਿਆਰਾਂ ਸਮੇਤ ਟਾਈਮ ਬੰਨ੍ਹ ਕੇ ਇਕੱਠੇ ਹੋਏ ਸਨ, ਜਿਸ ਤੋਂ ਬਾਅਦ ਹੁਣ ਜ਼ਖ਼ਮੀ ਲਵਕਰਨ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।