ਪੱਤਰ ਪ੍ਰਰੇਰਕ, ਸ੍ਰੀ ਮਾਛੀਵਾੜਾ ਸਾਹਿਬ : ਪਿਛਲੇ ਚਾਰ ਮਹੀਨੇ ਤੋਂ ਲਾਪਤਾ ਹੋਏ ਰਾਜੂ ਸਿੰਘ ਦੇ ਮਾਮਲੇ 'ਚ ਪੁਲਿਸ ਨੇ ਦੋ ਦਿਨ ਪਹਿਲਾਂ ਰਾਜੂ ਸਿੰਘ ਦੇ ਸਾਲੇ ਸੰਤੋਸ਼ ਦੀ ਸ਼ਿਕਾਇਤ 'ਤੇ ਥਾਣਾ ਮਾਛੀਵਾੜਾ 'ਚ ਤਿੰਨ ਮੁਲਜ਼ਮਾਂ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ ਪਰ ਇਸ ਕਤਲ ਕੇਸ 'ਚ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੰਦਰਾ ਕਾਲੋਨੀ ਦੇ ਨੇੜੇ ਲਗਦੇ ਗੰਦੇ ਨਾਲੇ ਨੇੜੇ ਸਥਿਤ ਖੇਤਾਂ ਨੇੜੇ ਬਣੇ ਇਕ ਕਮਰੇ 'ਚੋਂ ਪੁਲਿਸ ਨੇ ਰਾਜੂ ਸਿੰਘ ਦੀ ਗਲੀ ਸੜੀ ਲਾਸ਼ ਬਰਾਮਦ ਕੀਤੀ। ਇਸ ਦੌਰਾਨ ਮੌਜੂਦ ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਤੇ ਥਾਣਾ ਮੁਖੀ ਵਿਜੈ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੂਲ ਰੂਪ 'ਚ ਬਿਹਾਰ ਦੇ ਰਹਿਣ ਵਾਲੇ ਰਾਜੂ ਸਿੰਘ ਨੂੰ ਬਲਾਕ ਦੇ ਪਿੰਡ ਜੱਸੋਵਾਲ ਵਾਸੀ ਨੱਥਾ ਸਿੰਘ ਨੇ ਗੋਦ ਲਿਆ ਸੀ ਤੇ ਉਸ ਦਾ ਪਾਲਣ ਪੋਸ਼ਣ ਕਰਕੇ ਵਿਆਹ ਵੀ ਕੀਤਾ ਉਸ ਦੇ ਦੋ ਬੱਚੇ ਵੀ ਹਨ।

ਵਿਆਹ ਤੋਂ ਬਾਦ ਰਾਜੂ ਸਿੰਘ ਦੀ ਪਤਨੀ ਪੂਜਾ ਕੌਰ ਦੇ ਆਪਣੇ ਜੀਜਾ ਤੇਜਿੰਦਰ ਸਿੰਘ ਗੋਲਡੀ ਨਾਲ ਸਬੰਧ ਬਣ ਗਏ ਸਨ, ਜਿਸ ਦਾ ਪਤਾ ਲੱਗਣ 'ਤੇ ਆਪਣੇ ਸਾਂਢੂ ਨੂੰ ਆਪਣੇ ਤੇ ਉਸ ਦੀ ਪਤਨੀ ਵਿਚਾਲੇ ਸਬੰਧਾਂ ਦਾ ਰੋੜਾ ਬਣਦਾ ਦੇਖ ਕੇ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਇਸ ਯੋਜਨਾ ਨੂੰ ਅੰਜਾਮ ਦੇਣ ਲਈ ਮੁਲਜ਼ਮ ਤੇਜਿੰਦਰ ਸਿੰਘ ਗੋਲਡੀ ਨੇ ਆਪਣੇ ਦੋਸਤ ਰਿਕੀ ਤੇ ਸੈਮਲ ਵਾਸੀ ਲੱਖੋਵਾਲ ਦੀ ਮਦਦ ਨਾਲ ਉਸੇ ਰਾਤ ਨੂੰ ਰਾਜੂ ਸਿੰਘ ਨੂੰ ਇੰਦਰਾ ਕਾਲੋਨੀ ਵਿਖੇ ਬੁਲਾਇਆ ਤੇ ਸ਼ਰਾਬ ਤੇ ਹੋਰ ਨਸ਼ੇ ਦੇ ਸੇਵਨ ਕਰਕੇ ਪਲੰਬਰ ਤੇ ਮਿਸਤਰੀ ਦੇ ਕੰਮ ਕਰਨ ਵਾਲੇ ਅੌਜਾਰਾਂ ਤੇ ਸੂਏ ਨਾਲ ਰਾਜੂ ਸਿੰਘ ਦਾ ਕਤਲ ਕਰ ਦਿੱਤਾ ਫਿਰ ਰਾਜੂ ਸਿੰਘ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਗੰਦੇ ਨਾਲੇ ਨੇੜੇ ਸਥਿਤ ਇਕ ਕਮਰੇ 'ਚ ਦਬ ਦਿੱਤਾ। ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲੈਣ ਉਪਰੰਤ ਉਨ੍ਹਾਂ ਦੀ ਨਿਸ਼ਾਨ ਦੇਹੀ 'ਤੇ ਸ਼ਨਿੱਚਰਵਾਰ ਪੁਲਿਸ ਨੇ ਗਲੀ ਸੜੀ ਹਾਲਤ 'ਚ ਰਾਜੂ ਦੀ ਲਾਸ਼ ਬਰਾਮਦ ਕਰਕੇ ਉਸ ਨੂੰ ਪੋਸਟ ਮਾਰਟਮ ਲਈ ਸਮਰਾਲਾ ਹਸਪਤਾਲ ਵਿਖੇ ਭੇਜ ਦਿੱਤਾ ਹੈ।